ਚੰਡੀਗੜ੍ਹ : ਸਿੱਖ ਦੰਗਾ ਪੀੜਤ ਵੈੱਲਫੇਅਰ ਸੁਸਾਇਟੀ ਦੇ ਵਫ਼ਦ ਨੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਸੂਬੇ ਦੇ ਸਿੱਖ ਦੰਗਾ ਪੀੜਤਾਂ ਦੇ ਮੁੜ ਵਸੇਬੇ ਲਈ ਪੰਜਾਬ ਭਾਜਪਾ ਦੇ ਆਗੂਆਂ ਦੀ ਅਗਵਾਈ ਵਿਚ ਦਿੱਲੀ ਵਿਖੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨਾਲ ਮੁਲਾਕਾਤ ਕੀਤੀ।
ਲਾਲਪੁਰਾ ਨੇ 1984 ਦੇ ਦੰਗਾ ਪੀੜ੍ਹਤਾਂ ਦੇ ਮਸਲਿਆਂ ਸਬੰਧੀ ਵਿਸਥਾਰ ਪੂਰਬਕ ਤੇ ਪੂਰੀ ਗੰਭੀਰਤਾ ਨਾਲ ਚਰਚਾ ਕੀਤੀ ਤੇ ਸਾਰੇ ਮਸਲਿਆਂ ਸੰਬੰਧੀ ਹਮਦਰਦੀ ਨਾਲ ਵਿਚਾਰ ਵਟਾਂਦਰਾ ਕੀਤਾ। ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਇੱਕ ਡੀਓ ਲੈਟਰ ਲਿੱਖ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਅਨੁਸਾਰ ਪੰਜਾਬ ਵਿਚ ਸਾਰੇ ਦੰਗਾ ਪੀੜ੍ਹਤਾਂ ਦੇ ਮੁੜ ਵਸੇਬੇ ਬਾਰੇ ਉਨ੍ਹਾਂ ਨੂੰ ਮਕਾਨ/ਫਲੈਟ ਇਕ ਸਾਲ ਵਿਚ ਬਣਾਕੇ ਦੇਣ, ਕਾਰੋਬਾਰ ਵਾਸਤੇ ਬੂਥ ਅਲਾਟਮੈਂਟ ਕਰਨ ਅਤੇ ਹੋਰ ਮਸਲਿਆਂ ਬਾਰੇ ਇਕ ਮਹੀਨੇ ਵਿਚ ਮੁੱਖ ਸਕੱਤਰ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਹੈ।
ਨਾਲ ਹੀ ਵਫ਼ਦ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਬੇਰੁਖੀ ਕਰਕੇ 1984 ਦੇ ਦੰਗਾ ਪੀੜਤਾਂ ਦੀ ਕੋਈ ਸੁਣਵਾਈ ਨਹੀ ਹੋ ਰਹੀ। ਦੰਗਾ ਪੀੜ੍ਹਤ ਸੋਸਾਇਟੀ ਨੇ ਇਹ ਫ਼ੈਸਲਾ ਕੀਤਾ ਹੈ ਕਿ 1984 ਦੇ ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਵਾਉਣ ਲਈ ਅਤੇ ਦੰਗਾ ਪੀੜਤ ਪਰਿਵਾਰਾਂ ਦੇ ਰਹਿੰਦੇ ਬਾਕੀ ਮਸਲਿਆਂ ਸੰਬੰਧੀ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਦਾ ਸਮਾਂ ਜਲਦ ਹੀ ਮੰਗਣਗੇ ਤੇ ਤੁਰੰਤ ਕਾਰਵਾਈ ਕਰਨ ਲਈ ਬੇਨਤੀ ਕਰਨਗੇ।