ਭਾਰਤੀ ਕਿਸਾਨ ਯੂਨੀਅਨ ਏਕਤਾ ਵੱਲੋਂ ਅਣਮਿੱਥੇ ਸਮੇਂ ਲਈ 40 ਥਾਂਵਾਂ ‘ਤੇ ਲਾਏ ਗਏ ਧਰਨੇ

TeamGlobalPunjab
5 Min Read

ਚੰਡੀਗੜ੍ਹ: ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ 31 ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਤਾਲਮੇਲ ਵਜੋਂ 13 ਜਿਲ੍ਹਿਆਂ ‘ਚ ਅਣਮਿਥੇ ਸਮੇਂ ਦੇ ਧਰਨੇ ਵਧਾ ਕੇ ਅੱਜ 40 ਥਾਂਵਾਂ ‘ਤੇ ਲਾਏ ਗਏ।

ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇੱਥੇ ਜਾਰੀ ਕੀਤੇ ਪ੍ਰੈਸਨੋਟ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 4 ਜਗ੍ਹਾ ਰੇਲ ਜਾਮ- ਧਬਲਾਨ(ਪਟਿਆਲਾ),ਸੁਨਾਮ (ਸੰਗਰੂਰ),ਬੁਢਲਾਡਾ (ਮਾਨਸਾ), ਗਿੱਦੜਬਾਹਾ (ਮੁਕਤਸਰ); 4 ਭਾਜਪਾ ਆਗੂਆਂ ਦੇ ਘਰਾਂ ਅੱਗੇ-ਸਤਵੰਤ ਸਿੰਘ ਪੂਨੀਆ(ਸੰਗਰੂਰ), ਬਿਕਰਮਜੀਤ ਸਿੰਘ ਚੀਮਾ(ਪਾਇਲ), ਸੁਨੀਤਾ ਗਰਗ(ਕੋਟਕਪੂਰਾ),ਅਰੁਣ ਨਾਰੰਗ ਐਮ ਐਲ ਏ (ਅਬੋਹਰ); 8ਟੋਲ ਪਲਾਜ਼ਾ -ਕਾਲਾਝਾੜ (ਸੰਗਰੂਰ), ਬਡਬਰ (ਬਰਨਾਲਾ), ਲਹਿਰਾਬੇਗਾ (ਬਠਿੰਡਾ),ਜੀਦਾ (ਬਠਿੰਡਾ), ਕੱਥੂਨੰਗਲ (ਗੁਰਦਾਸਪੁਰ), ਸਿੰਘਾਂਵਾਲਾ (ਮੋਗਾ), ਪਥਰਾਲਾ (ਬਠਿੰਡਾ), ਮਾਮੂ ਜੋਈਆਂ (ਫਾਜਿਲਕਾ);2 ਸ਼ਾਪਿੰਗ ਮਾਲਜ਼- ਬੈਸਟ ਪ੍ਰਾਈਸ , ਭੁੱਚੋ (ਬਠਿੰਡਾ), ਰਿਲਾਇੰਸ ਮਾਲ , ਰੋਖਾ (ਅੰਮ੍ਰਿਤਸਰ); 2 ਅਡਾਨੀ ਸੈਲੋ ਗੋਦਾਮ- ਡਗਰੂ (ਮੋਗਾ) ਤੇ ਛਾਜਲੀ (ਸੰਗਰੂਰ);15 ਰਿਲਾਇੰਸ ਪੰਪ-ਧਨੌਲਾ (ਬਰਨਾਲਾ) ,ਸੰਘੇੜਾ (ਬਰਨਾਲਾ), ਨਿਆਲ (ਪਟਿਆਲਾ),ਧੂਰੀ (ਸੰਗਰੂਰ), ਦਿੜਬਾ (ਸੰਗਰੂਰ), ਭਵਾਨੀਗੜ੍ਹ (ਸੰਗਰੂਰ),ਮਲੇਰਕੋਟਲਾ (ਸੰਗਰੂਰ), ਅਹਿਮਦਗੜ੍ਹ (ਸੰਗਰੂਰ), ਲਹਿਰਾ (ਸੰਗਰੂਰ),ਸੰਗਰੂਰ, ਸੁਨਾਮ (ਸੰਗਰੂਰ), ਰਾਮਪੁਰਾ (ਬਠਿੰਡਾ), ਜਲਾਲਾਬਾਦ (ਫਾਜ਼ਿਲਕਾ), ਵਲੂਰ (ਫਿਰੋਜ਼ਪੁਰ), ਗਿੱਦੜਬਾਹਾ ;(ਮੁਕਤਸਰ)4 ਐੱਸ ਆਰ ਪੰਪ- ਧੌਲਾ(ਬਰਨਾਲਾ),ਭੋਤਨਾ(ਬਰਨਾਲਾ)  ,ਕਾਤਰੋਂ (ਪਟਿਆਲਾ), ਭੁੱਚੋ ਮੰਡੀ (ਬਠਿੰਡਾ);1 ਪ੍ਰਾਈਵੇਟ ਥਰਮਲ ਪਲਾਂਟ ਵਣਾਂਵਾਲੀ (ਮਾਨਸਾ) ਵਿਖੇ ਇਹ ਧਰਨੇ ਦਿਨੇ ਰਾਤ ਜਾਰੀ ਰਹਿ ਰਹੇ ਹਨ। ਇਹਨਾਂ ਧਰਨਿਆਂ ਵਿੱਚ ਅੱਜ ਨਰਿੰਦਰ ਮੋਦੀ ਅਤੇ ਕਾਰਪੋਰੇਟ ਪ੍ਰਤੀਕ ਅੰਕਲ ਸੈਮ ਦੇ ਫੋਟੋ ਬੋਰਡ ਬਣਾ ਕੇ ਧਰਨਾਕਾਰੀਆਂ ਵੱਲੋਂ ਉਹਨਾਂ ‘ਤੇ ਛਿੱਤਰ ਪਰੇਡ ਵੀ ਕੀਤੀ ਗਈ ਜੋ ਰੋਜ਼ਾਨਾ ਜਾਰੀ ਰਹੇਗੀ। ਕੱਲ੍ਹ ਤੋਂ ਇਹ ਸਿਲਸਿਲਾ ਪਿੰਡ ਪਿੰਡ ਚਲਾਇਆ ਜਾਵੇਗਾ।

ਭਾਰੀ ਗਿਣਤੀ ‘ਚ ਨੌਜਵਾਨਾਂ ਤੇ ਔਰਤਾਂ ਸਮੇਤ ਥਾਂ ਥਾਂ ਸੈਂਕੜਿਆਂ ਹਜ਼ਾਰਾਂ ਦੀ ਗਿਣਤੀ ‘ਚ ਪੁੱਜੇ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਜਥੇਬੰਦੀ ਦੇ ਮੁੱਖ ਬੁਲਾਰਿਆਂ ਵਿੱਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ , ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ, ਹਰਿੰਦਰ ਕੌਰ ਬਿੰਦੂ, ਸਨੇਹਦੀਪ, ਰਾਜਵਿੰਦਰ ਸਿੰਘ ਰਾਮਨਗਰ, ਸ਼ਿੰਗਾਰਾ ਸਿੰਘ ਮਾਨ ਸਮੇਤ ਵੱਖ ਵੱਖ ਜਿਲ੍ਹਾ ਆਗੂ ਅਤੇ ਨਵੇਂ ਨੌਜਵਾਨ ਬੁਲਾਰੇ ਵੀ ਸ਼ਾਮਲ ਸਨ । ਬੁਲਾਰਿਆਂ ਨੇ ਮੋਦੀ ਦੁਆਰਾ ਭਾਜਪਾ ਕਾਰਕੁਨਾਂ ਨੂੰ ਕਾਲੇ ਖੇਤੀ ਕਾਨੂੰਨਾਂ ਦੇ ਪੱਖ ‘ਚ ਪ੍ਰਚਾਰ ਕਰਨ ਦੇ ਸੱਦੇ ਦਾ ਚੈਲੰਜ ਕਬੂਲ ਕਰਦਿਆਂ  ਕਿਸਾਨਾਂ ਨੂੰ ਸੱਦਾ ਦਿੱਤਾ ਕਿ ਅਜਿਹੇ ਅੰਨ੍ਹੇ ਮੋਦੀ-ਭਗਤਾਂ ਨੂੰ ਥਾਂ ਥਾਂ ਘੇਰ ਕੇ ਲਾ-ਜਵਾਬ ਕੀਤਾ ਜਾਵੇ।ਬੁਲਾਰਿਆਂ ਨੇ ਦੋਸ਼ ਲਾਇਆ ਕਿ ਇਹ ਕਾਨੂੰਨ ਪੂਰੀ ਖੇਤੀ ਮੰਡੀ ਨੂੰ ਦੇਸੀ ਵਿਦੇਸ਼ੀ ਸਾਮਰਾਜੀ ਕਾਰਪੋਰੇਟਾਂ ਦੀ ਮੁੱਠੀ ਵਿੱਚ ਦੇਣ ਅਤੇ ਵਾਹੀਯੋਗ ਜ਼ਮੀਨਾਂ ਹਥਿਆ ਕੇ ਵੱਡੇ ਕਾਰਪੋਰੇਟ ਖੇਤੀ ਫਾਰਮ ਉਸਾਰਨ ਦੇ ਸੰਦ ਹਨ। ਇਹ ਕਾਲੇ ਕਾਨੂੰਨ ਛੋਟੀ ਦਰਮਿਆਨੀ ਕਿਸਾਨੀ ਦੀ ਮੌਤ ਦੇ ਵਰੰਟ ਹਨ।ਉਹਨਾਂ ਨੇ ਦਾਅਵਾ ਕੀਤਾ ਕਿ ਅਣਖੀਲੇ ਜੁਝਾਰੂ ਕਿਸਾਨ ਮਜਦੂਰ ਤੇ ਸੰਘਰਸ਼ਸ਼ੀਲ ਲੋਕ ਇਹਨਾਂ ਕਾਨੂੰਨਾਂ ਵਿਰੁੱਧ ਲੰਬੇ ਜਾਨਹੂਲਵੇਂ ਸੰਘਰਸ਼ਾਂ ਦੀ ਝੜੀ ਲਾ ਕੇ ਇਹ ਕਾਲ਼ੇ ਕਾਨੂੰਨ ਰੱਦ ਕਰਨ ਲਈ ਸਰਕਾਰ ਨੂੰ ਮਜਬੂਰ ਕਰ ਦੇਣਗੇ।

ਉਹਨਾਂ ਨੇ ਜ਼ੋਰਦਾਰ ਮੰਗ ਕੀਤੀ ਕਿ ਤਿੰਨੇ ਕਾਲੇ ਖੇਤੀ ਕਾਨੂੰਨ ਅਤੇ ਬਿਜਲੀ ਸੋਧ ਬਿੱਲ 2020 ਸਣੇ ਭੂਮੀ ਗ੍ਰਹਿਣ ਬਿੱਲ ਦੀਆਂ ਸੋਧਾਂ ਰੱਦ ਕਰੋ। ਲਗਾਤਾਰ ਵਧ ਰਹੇ ਖੇਤੀ ਘਾਟਿਆਂ ਕਾਰਨ ਚੜ੍ਹੇ ਜਾਨਲੇਵਾ ਕਰਜੇ ਮੋੜਨੋਂ ਅਸਮਰੱਥ ਕਿਸਾਨਾਂ ਮਜ਼ਦੂਰਾਂ ਦੇ ਹਰ ਕਿਸਮ ਦੇ ਕਰਜੇ ਖਤਮ ਕਰੋ ਤੇ ਸੂਦਖੋਰੀ ਕਰਜਾ ਕਾਨੂੰਨ ਕਿਸਾਨ ਮਜ਼ਦੂਰ ਪੱਖੀ ਬਣਾਓ। ਕਰਜ਼ਿਆਂ ਦੁੱਖੋਂ ਖੁਦਕੁਸ਼ੀਆਂ ਦਾ ਸ਼ਿਕਾਰ ਹੋਏ ਕਿਸਾਨਾਂ ਮਜਦੂਰਾਂ ਦੇ ਵਾਰਸਾਂ ਨੂੰ 5-5 ਲੱਖ ਦੀ ਫੌਰੀ ਰਾਹਤ ਅਤੇ 1-1 ਪੱਕੀ ਨੌਕਰੀ ਦਿਓ। ਕਰੋਨਾ ਦੀ ਆੜ ਹੇਠ ਬੇਇਨਸਾਫੀਆਂ ਤੇ ਧੱਕੇਸ਼ਾਹੀਆਂ ਖਿਲਾਫ਼ ਲਿਖਣ ਬੋਲਣ ਵਾਲੇ ਕਵੀਆਂ, ਬੁੱਧੀਜੀਵੀਆਂ,ਵਕੀਲਾਂ, ਕਲਾਕਾਰਾਂ, ਲੇਖਕਾਂ ਉੱਤੇ ਝੂਠੇ ਕੇਸ ਮੜ੍ਹ ਮੜ੍ਹ ਕੇ ਜੇਲ੍ਹੀਂ ਡੱਕੇ ਬਜ਼ੁਰਗ ਕਵੀ ਵਰਵਰਾ ਰਾਓ, 90% ਅੰਗਹੀਣ ਪ੍ਰੋ: ਜੀ ਐਨ ਸਾਂਈਂਬਾਬਾ, ਸ਼ਾਹੀਨ ਬਾਗ ਤੇ ਜਾਮੀਆ ਯੂਨੀਵਰਸਿਟੀ ਦੇ ਸ਼ਾਂਤਮਈ ਅੰਦੋਲਨਕਾਰੀ ਆਗੂਆਂ ਸਮੇਤ ਸਭਨਾਂ ਜਮਹੂਰੀ ਕਾਰਕੁਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰੋ। ਘਰ ਘਰ ਰੁਜ਼ਗਾਰ ਦਾ ਵਾਅਦਾ ਪੂਰਾ ਕਰੋ ਤੇ ਉਸਤੋਂ ਪਹਿਲਾਂ ਗੁਜ਼ਾਰੇਯੋਗ ਬੇਰੁਜ਼ਗਾਰੀ ਭੱਤਾ ਦਿਓ। ਆਦਮਖੋਰ ਨਸ਼ਾ-ਮਾਫੀਆ ਦੀ ਸਿਆਸੀ ਪ੍ਰਸ਼ਾਸਕੀ ਸਰਪ੍ਰਸਤੀ ਬੰਦ ਕਰੋ ਤੇ ਨਸ਼ਾ ਸਮਗਲਰਾਂ ਨੂੰ ਜੇਲ੍ਹੀਂ ਡੱਕੋ।

ਸਵੈ ਰੁਜ਼ਗਾਰ ਦੀ ਆੜ ਹੇਠ ਔਰਤਾਂ ਦੀ ਅੰਨ੍ਹੀ ਸੂਦਖੋਰੀ ਲੁੱਟ ਕਰ ਰਹੀਆਂ ਮਾਈਕ੍ਰੋ ਫਾਈਨਾਂਸ ਕੰਪਨੀਆਂ ਦੇ ਸਾਰੇ ਕਰਜੇ ਖਤਮ ਕਰੋ। ਸਵਾਮੀਨਾਥਨ ਰਿਪੋਰਟ ਅਨੁਸਾਰ ਸਾਰੀਆਂ ਫਸਲਾਂ ਦੇ ਲਾਭਕਾਰੀ ਸਮਰਥਨ ਮੁੱਲ ਸੀ-2 ਜਮਾਂ 50% ਫਾਰਮੂਲੇ ਮੁਤਾਬਕ ਮਿਥੋ  ਤੇ ਪੂਰੀ ਖਰੀਦ ਦੀ ਗਰੰਟੀ ਕਰੋ ਜ਼ਮੀਨੀ ਹੱਦਬੰਦੀ ਕਾਨੂੰਨ ਸਖਤੀ ਨਾਲ ਲਾਗੂ ਕਰਕੇ ਵੱਡੇ ਜਗੀਰਦਾਰਾਂ ਦੀ ਫਾਲਤੂ ਜ਼ਮੀਨ ਬੇਜ਼ਮੀਨੇ ਥੁੜਜ਼ਮੀਨੇ ਮਜ਼ਦੂਰਾਂ ਕਿਸਾਨਾਂ ‘ਚ ਵੰਡੋ ਅਰਬਾਂਪਤੀ ਖਰਬਾਂਪਤੀ ਕਾਰਪੋਰੇਟ ਘਰਾਣਿਆਂ ਅਤੇ ਵੱਡੇ ਜਗੀਰਦਾਰਾਂ ਉੱਤੇ ਭਾਰੀ ਟੈਕਸ ਲਾਓ। ਇਸ ਸੰਬੰਧੀ ਜਥੇਬੰਦੀ ਵੱਲੋਂ “ਕਿਸਾਨਾਂ ਦੇ ਨਾਂ ਸੱਦਾ” ਹਥ ਪਰਚਾ ਦੋ ਲੱਖ ਦੀ ਗਿਣਤੀ ‘ਚ ਛਾਪ ਕੇ ਘਰ ਘਰ ਵੰਡਿਆ ਜਾ ਰਿਹਾ ਹੈ ।

Share This Article
Leave a Comment