ਮੁਕਤਸਰ : ਕੇਂਦਰੀ ਕੈਬਨਿਟ ਤੋਂ ਅਸਤੀਫ਼ਾ ਦੇਣ ਬਾਅਦ ਹਰਸਿਮਰਤ ਕੌਰ ਬਾਦਲ ਪਹਿਲੀ ਵਾਰ ਮੁਕਤਸਰ ਸਾਹਿਬ ਪਹੁੰਚੇ। ਜਿੱਥੇ ਉਨ੍ਹਾਂ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾਂ ਕਿਸਾਨਾਂ ਦੇ ਹੱਕ ਦੀ ਗੱਲ ਕਰਦੀ ਆ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਪਾਰਟੀ ਕਿਸਾਨਾਂ ਦੀ ਪਾਰਟੀ ਹੈ।
ਖੇਤੀਬਾੜੀ ਕਾਨੂੰਨ ਨੂੰ ਹਰਸਿਮਰਤ ਕੌਰ ਬਾਦਲ ਨੇ ਕਾਲਾ ਕਾਨੂੰਨ ਦੱਸਿਆ ਅਤੇ ਕਿਹਾ ਕਿ ਜਦੋਂ 15 ਜੁਲਾਈ ਨੂੰ ਕਿਸਾਨ ਵਿਰੋਧੀ ਬਿੱਲ ਦਾ ਉਨ੍ਹਾਂ ਨੂੰ ਪਤਾ ਲੱਗਾ ਤਾਂ ਅਸੀਂ ਉਦੋਂ ਤੋਂ ਹੀ ਇਸ ਦੀ ਖ਼ਿਲਾਫ਼ਤ ਕਰਨੀ ਸ਼ੁਰੂ ਕਰ ਦਿੱਤੀ। ਇਥੋਂ ਤੱਕ ਕਿ ਅਸੀਂ ਇਨ੍ਹਾਂ ਬਿੱਲਾਂ ਦੇ ਖਿਲਾਫ ਕੇਂਦਰੀ ਮੰਤਰੀ ਮੰਡਲ ਤੋਂ ਹੀ ਅਸਤੀਫਾ ਦੇ ਦਿੱਤਾ। ਫਿਰ ਉਸ ਤੋਂ ਬਾਅਦ ਅਸੀਂ ਕੇਂਦਰ ਸਰਕਾਰ ਖਿਲਾਫ ਡਟ ਕੇ ਲੜਾਈ ਲੜ ਰਹੇ ਹਾਂ। ਅਸੀਂ ਕਿਸਾਨਾਂ ਦੀ ਆਵਾਜ਼ ਬਣਨ ਲਈ ਬੀਜੇਪੀ ਨਾਲ ਗਠਜੋੜ ਵੀ ਤੋੜ ਦਿੱਤਾ।
ਇਸ ਤੋਂ ਇਲਾਵਾ ਹਰਸਿਮਰਤ ਕੌਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਵਰ੍ਹਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ 1 ਜੁਲਾਈ 2017 ਨੂੰ ਕੇਂਦਰ ਵਰਗੇ ਬਿੱਲਾਂ ‘ਤੇ ਸਹਿਮਤੀ ਜਤਾਈ ਸੀ ਅਤੇ ਅਗਸਤ 2019 ‘ਚ ਲਾਗੂ ਵੀ ਕਰ ਦਿੱਤੇ ਸਨ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਚਿੰਤਾ ਹੈ ਤਾਂ ਉਹ ਪਹਿਲਾਂ ਸੂਬੇ ਵਿੱਚ ਪਹਿਲਾਂ ਤੋਂ ਹੀ ਲਗਾਏ ਗਏ ਕਾਨੂੰਨ ਨੂੰ ਰੱਦ ਕਰੇ।