ਚੰਡੀਗੜ੍ਹ: ਪੂਰੇ ਦੇਸ਼ ਸਮੇਤ ਪੰਜਾਬ ‘ਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਤੇਜ਼ੀ ਨਾਲ ਵੱਧ ਰਹੇ ਹਨ। ਇਸ ‘ਚ ਹੀ ਹੁਣ ਪੰਜਾਬ ਦੀ ਮਸ਼ਹੂਰ ਮਾਡਲ ਤੇ ਅਦਾਕਾਰ ਹਿਮਾਂਸ਼ੀ ਖੁਰਾਣਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਹਿਮਾਂਸ਼ੀ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਪਾ ਕੇ ਆਪਣੇ ਕੋਰੋਨਾ ਪਾਜ਼ੀਟਿਵ ਹੋਣ ਦੀ ਜਾਣਕਾਰੀ ਆਪਣੇ ਫੈਨਜ਼ ਨੂੰ ਦਿੱਤੀ ਹੈ।
ਹਿਮਾਂਸ਼ੀ ਨੇ ਲਿਖਿਆ, ” ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਸਾਰੀਆਂ ਸਾਵਧਾਨੀਆਂ ਵਰਤਣ ਦੇ ਬਾਵਜੂਦ ਮੇਰੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਕੱਲ੍ਹ ਕਿਸਾਨੀ ਬਿੱਲਾਂ ਖਿਲਾਫ ਚਲ ਰਹੇ ਧਰਨਿਆਂ ‘ਚ ਸ਼ਾਮਿਲ ਹੋਈ ਸੀ ਅਤੇ ਉੱਥੇ ਬਹੁਤ ਜ਼ਿਆਦਾ ਭੀੜ ਸੀ। ਜਿਸ ਤੋਂ ਬਾਅਦ ਮੈਂ ਆਪਣੇ ਸ਼ੂਟ ‘ਤੇ ਜਾਣ ਤੋਂ ਪਹਿਲਾਂ ਆਪਣੀ ਕੋਰੋਨਾ ਜਾਂਚ ਕਰਵਾਈ ਜਿਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਧਰਨੇ ਦੌਰਾਨ ਜਿਹੜੇ ਵੀ ਲੋਕ ਮੇਰੇ ਸੰਪਰਕ ‘ਚ ਆਏ ਹਨ ਉਹ ਆਪਣਾ ਕੋਰੋਨਾ ਟੈਸਟ ਜ਼ਰੂਰ ਕਰਵਾ ਲੈਣ ਅਤੇ ਅਹਿਤਿਆਤ ਜ਼ਰੂਰ ਵਰਤਣ। ਹਿਮਾਂਸ਼ੀ ਨੇ ਕਿਹਾ ਕਿ ਧਰਨੇ ‘ਚ ਸ਼ਾਮਲ ਹੋਣ ਵਾਲੇ ਇਹ ਨਾ ਭੁੱਲਣ ਕਿ ਅਸੀਂ ਸਰਬਵਿਆਪੀ ਮਹਾਮਾਰੀ ਦਾ ਸਾਹਮਣਾ ਕਰ ਰਹੇ ਹਨ। ਪਲੀਜ਼ ਸਾਰੇ ਆਪਣਾ ਧਿਆਨ ਰੱਖੋ।
https://www.instagram.com/p/CFoTAKRBmJM/?utm_source=ig_web_copy_link
ਦੱਸਣਯੋਗ ਹੈ ਕਿ 25 ਸਤੰਬਰ ਨੂੰ ਪੰਜਾਬੀ ਕਲਾਕਾਰਾਂ ਨੇ ਕਿਸਾਨਾਂ ਦੇ ਸਮਰਥਨ ‘ਚ ਰੋਸ ਧਰਨੇ ‘ਚ ਵੱਧ ਚੜ੍ਹ ਕੇ ਭਾਗ ਲਿਆ ਸੀ। ਪੰਜਾਬ ਦੇ ਵੱਡੇ ਕਲਾਕਾਰ ਬੱਬੂ ਮਾਨ, ਸਿੱਧੂ ਮੂਸੇਆਲਾ, ਕੋਰਾਲਾ ਮਾਨ, ਆਰ.ਨੇਤ. ਅੰਮ੍ਰਿਤ ਮਾਨ, ਹਰਭਜਨ ਮਾਨ , ਰਣਜੀਤ ਬਾਵਾ, ਕੁਲਵਿੰਦਰ ਬਿੱਲਾ, ਤਰਸੇਮ ਜੱਸੜ ਵਰਗੇ ਕਈ ਕਲਾਕਾਰਾਂ ਨੇ ਧਰਨੇ ਲਾਏ ਅਤੇ ਸਰਕਾਰ ਦੇ ਬਿੱਲ ਦਾ ਵਿਰੋਧ ਕੀਤਾ। ਪੰਜਾਬੀ ਅਦਾਕਾਰਾ ਤੇ ਮਾਡਲ ਹਿਮਾਂਸ਼ੀ ਖੁਰਾਣਾ ਨੇ ਵੀ ਨਾਭਾ ‘ਚ ਹੋਏ ਧਰਨੇ ‘ਚ ਭਾਗ ਲਿਆ ਸੀ।