ਅਰੁਨਾ ਚੌਧਰੀ ਵੱਲੋਂ ਰਾਜ ਵਿਆਪੀ ‘ਡਿਜੀਟਲ ਪੇਰੈਂਟ ਮਾਰਗਦਰਸ਼ਕ ਪ੍ਰੋਗਰਾਮ’ ਦੀ ਸ਼ੁਰੂਆਤ

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਅਰੁਨਾ ਚੌਧਰੀ ਨੇ ਕੋਵਿਡ-19 ਮਹਾਂਮਾਰੀ ਦੇ ਮੁਸ਼ਕਲ ਸਮੇਂ ਦੌਰਾਨ ਕੋਵਿਡ ਕਾਰਨ ਘਰਾਂ ਵਿੱਚ ਬੰਦ ਆਂਗਨਵਾੜੀਆਂ ਦੇ ਬੱਚਿਆਂ ਵਿੱਚ ਸਿੱਖਣ ਦੀ ਸਮਰੱਥਾ ਵਧਾਉਣ ਤੇ ਮਾਪਿਆਂ ਦਾ ਮਾਰਗ ਦਰਸ਼ਨ ਕਰਨ ਲਈ ‘ਡਿਜੀਟਲ ਪੇਰੈਂਟ ਮਾਰਗਦਰਸ਼ਕ ਪ੍ਰੋਗਰਾਮ’ ਦੀ ਰਸਮੀ ਸ਼ੁਰੂਆਤ ਕੀਤੀ।

ਚੌਧਰੀ ਨੇ ਇਸ ਪ੍ਰੋਗਰਾਮ ਤਹਿਤ ਹੋਣ ਵਾਲੀਆਂ ਗਤੀਵਿਧੀਆਂ ਸਬੰਧੀ ਪਹਿਲਾ ਸੰਦੇਸ਼ ਪ੍ਰਮੁੱਖ ਸਕੱਤਰ ਰਾਜੀ ਪੀ. ਸ੍ਰੀਵਾਸਤਵਾ ਨੂੰ ਭੇਜਿਆ, ਜਿਨ੍ਹਾਂ ਆਂਗਨਵਾੜੀ ਕੇਂਦਰਾਂ ਦੇ ਸਾਰੇ ਬੱਚਿਆਂ ਨੂੰ ਇਸ ਦੇ ਘੇਰੇ ਵਿੱਚ ਲੈਣ ਲਈ ਇਹ ਸੰਦੇਸ਼ ਅੱਗੇ ਮਾਰਗਦਰਸ਼ਕਾਂ-ਕਮ-ਆਂਗਨਵਾੜੀ ਵਰਕਰਾਂ ਨੂੰ ਭੇਜਿਆ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਮੁਸ਼ਕਲ ਸਮੇਂ ਦੌਰਾਨ ਸਾਰੇ ਵਿਦਿਆਰਥੀਆਂ ਨੂੰ ਡਿਜੀਟਲ ਸਿੱਖਿਆ ਦੇਣ ਲਈ ਸੂਬਾ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਅਣਥੱਕ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਆਂਗਨਵਾੜੀ ਸੈਂਟਰਾਂ ਦੇ ਨੰਨ੍ਹੇ-ਮੁੰਨਿਆਂ ਦੀ ਮਦਦ ਲਈ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਡਿਜੀਟਲ ਸਿੱਖਿਆ ਦਾ ਤਰੀਕਾ ਅਪਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੰਤਵ ਲਈ ਵਿਭਾਗ ਨੇ ‘ਮੇਰਾਕੀ ਫ਼ਾਊਡੇਸ਼ਨ ਦੀ ਮਦਦ ਨਾਲ ‘ਡਿਜੀਟਲ ਪੇਰੈਂਟ ਮਾਰਗਦਰਸ਼ਕ ਪ੍ਰੋਗਰਾਮ’ ਵਿਕਸਤ ਕੀਤਾ ਹੈ ਕਿਉਂਕਿ ਕੋਵਿਡ ਮਹਾਂਮਾਰੀ ਕਾਰਨ ਸਮਾਜਿਕ ਦੂਰੀ ਅਪਣਾਉਣ ਕਾਰਨ ਹੁਣ ਡਿਜੀਟਲ ਸਿੱਖਿਆ ਉਤੇ ਨਿਰਭਰਤਾ ਵਧੀ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਦੋ ਪੜਾਵਾਂ ਵਿੱਚ ਲਾਗੂ ਹੋਣ ਵਾਲੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਮਾਰਗਦਰਸ਼ਕ ਤੇ ਅਧਿਕਾਰੀਆਂ ਨੂੰ ਪੰਦਰਾਂ ਦਿਨਾਂ ਦੀ ਸਿਖਲਾਈ ਦਿੱਤੀ ਗਈ ਤਾਂ ਕਿ ਇਹ ਪ੍ਰੋਗਰਾਮ ਸਫ਼ਲਤਾ ਦੇ ਨਵੇਂ ਦਿਸਹੱਦੇ ਸਿਰਜ ਸਕੇ। ਇਸ ਸਕੀਮ ਦੇ ਹਰੇਕ ਪੜਾਅ ਵਿੱਚ 11 ਜ਼ਿਲ੍ਹਿਆਂ ਨੂੰ ਸ਼ਾਮਲ ਕੀਤਾ ਜਾਵੇਗਾ।

ਚੌਧਰੀ ਨੇ ਅੱਗੇ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਆਂਗਨਵਾੜੀ ਵਰਕਰਾਂ ਨੂੰ ਪੰਜਾਬੀ ਵਿੱਚ ਬੱਚਿਆਂ ਦੀ ਰੁਚੀ ਅਨੁਸਾਰ ਸੰਦੇਸ਼ਾਂ ਦੇ ਨਾਲ ਐਨੀਮੇਟਿਡ ਵੀਡੀਓਜ਼ ਭੇਜੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਆਂਗਨਵਾੜੀ ਵਰਕਰ ਅੱਗੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਰਾਹੀਂ ਮਾਪਿਆਂ ਨੂੰ ਮੁਹੱਈਆ ਕਰਵਾ ਰਹੀਆਂ ਹਨ। ਗਿਆਨ ਭਰਪੂਰ ਵਿਸ਼ਾ ਵਸਤੂ ਵਾਲੇ ਇਹ ਸੁਨੇਹੇ ਤੇ ਵੀਡੀਓਜ਼ ਕਾਫ਼ੀ ਮਨੋਰੰਜਕ ਹਨ। ਇਸੇ ਤਰ੍ਹਾਂ ਮਾਪਿਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਪੰਜਾਬੀ ਭਾਸ਼ਾ ਵਿੱਚ ਭੇਜੇ ਜਾ ਰਹੇ ਹਨ।

Share This Article
Leave a Comment