ਪੀ.ਏ.ਯੂ. ਦੇ ਫੇਸਬੁੱਕ ਲਾਈਵ ਪ੍ਰੋਗਰਾਮ ਵਿੱਚ ਵੱਖ-ਵੱਖ ਖੇਤੀ ਮਾਹਿਰ ਹੋਏ ਸ਼ਾਮਿਲ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ) ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਅੱਜ ਕਰਵਾਏ ਗਏ ਫੇਸਬੁੱਕ ਲਾਈਵ ਪ੍ਰੋਗਰਾਮ ਵਿੱਚ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨੇ ਕਈ ਮੁੱਦਿਆਂ ਬਾਰੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ।

ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਵਰਚੂਅਲ ਕਿਸਾਨ ਮੇਲੇ ਵਿੱਚ ਭਾਰੀ ਗਿਣਤੀ ਵਿੱਚ ਸ਼ਾਮਿਲ ਹੋਣ ਤੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਦਾ ਧੰਨਵਾਦ ਕੀਤਾ । ਉਹਨਾਂ ਕਿਹਾ ਕਿ ਇਸ ਮੇਲੇ ਨੂੰ ਪੰਜਾਬ ਅਤੇ ਆਸ ਪਾਸ ਦੇ ਸੂਬਿਆਂ ਦੇ ਕਿਸਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ । ਡਾ. ਰਿਆੜ ਨੇ ਕਿਹਾ ਕਿ ਸਾਬਕਾ ਵਿਦਿਆਰਥੀਆਂ ਨੇ ਵੀ ਪੂਰੀ ਦੁਨੀਆਂ ਵਿੱਚੋਂ ਵਰਚੂਅਲ ਮੇਲੇ ਲਈ ਕੀਤੇ ਯਤਨਾਂ ਦੀ ਤਾਰੀਫ ਕੀਤੀ ਹੈ । ਉਹਨਾਂ ਨੇ ਕਿਸਾਨਾਂ ਨੂੰ ਸੰਬੋਧਿਤ ਹੁੰਦਿਆਂ ਯੂਨੀਵਰਸਿਟੀ ਦੇ ਪ੍ਰਕਾਸ਼ਿਤ ਖੇਤੀ ਸਾਹਿਤ ਨਾਲ ਜੁੜਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਕਿਸਾਨ 82880-57707 ਨੰਬਰ ਤੇ ਜਾਂ businessmanager0pau.edu ਰਾਹੀਂ ਜੁੜ ਸਕਦੇ ਹਨ।

ਨਿਰਦੇਸ਼ਕ ਬੀਜ ਡਾ. ਟੀ ਐਸ ਢਿੱਲੋਂ ਨੇ ਵੱਖ-ਵੱਖ ਫ਼ਸਲਾਂ ਦੇ ਬੀਜਾਂ ਦੀ ਮੌਜੂਦਗੀ ਬਾਰੇ ਸੂਚਨਾ ਕਿਸਾਨਾਂ ਨਾਲ ਸਾਂਝੀ ਕੀਤੀ। ਉਹਨਾਂ ਕਿਹਾ ਪੀ.ਏ.ਯੂ. ਨੇ ਸਬਜ਼ੀਆਂ, ਤੇਲਬੀਜ ਅਤੇ ਰਸੋਈ ਬਗੀਚੀ ਦੇ ਬੀਜਾਂ ਦੀਆਂ ਕਿੱਟਾਂ ਤਿਆਰ ਕੀਤੀਆਂ ਹਨ । ਜੋ ਕਿਸਾਨ ਅਤੇ ਕਿਸਾਨ ਬੀਬੀਆਂ ਇਹ ਬੀਜ ਖਰੀਦਣਾ ਚਾਹੁਣ ਉਹ ਫਾਰਮ ਇਨਪੁੱਟਸ ਮੋਬਾਈਲ ਐਪ ਜਾਂ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹਨ ।

ਸੀਨੀਅਰ ਪਸਾਰ ਮਾਹਿਰ ਡਾ. ਅਮਰਜੀਤ ਸਿੰਘ ਨੇ ਝੋਨੇ ਵਿੱਚ ਸ਼ੀਥ ਬਲਾਈਟ ਬਾਰੇ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ । ਉਹਨਾਂ ਨੇ ਮੇਲੇ ਦੌਰਾਨ ਕਿਸਾਨਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ । ਇਸੇ ਤਰ੍ਹਾਂ ਕੀਟ ਵਿਗਿਆਨੀ ਡਾ. ਕੇ ਐਸ ਸੂਰੀ ਨੇ ਮੱਕੀ ਦੀ ਫਾਲ ਆਰਮੀਵਰਮ ਕੀੜੇ ਅਤੇ ਝੋਨੇ ਦੇ ਤੇਲੇ ਦੀ ਰੋਕਥਾਮ ਲਈ ਵਿਕਸਿਤ ਛਿੜਕਾਅ ਤਕਨੀਕਾਂ ਕਿਸਾਨਾਂ ਨਾਲ ਸਾਂਝੀਆਂ ਕੀਤੀਆਂ ।

ਸੀਨੀਅਰ ਖੋਜ ਇੰਜਨੀਅਰ ਡਾ. ਮਹੇਸ਼ ਨਾਰੰਗ ਨੇ ਮਸ਼ੀਨਰੀ ਦੀ ਚੋਣ ਬਾਰੇ ਕਿਸਾਨਾਂ ਨਾਲ ਵਿਚਾਰ ਸਾਂਝੇ ਕਰਦਿਆਂ ਟਰੈਕਟਰ ਦੀ ਯੋਗ ਵਰਤੋਂ ਬਾਰੇ ਗੱਲ ਕੀਤੀ । ਉਹਨਾਂ ਨੇ ਕੰਬਾਈਨ ਦੇ ਰਖ-ਰਖਾਵ ਅਤੇ ਸਾਂਭ ਸੰਭਾਲ ਬਾਰੇ ਵੀ ਵੱਡਮੁੱਲੀ ਜਾਣਕਾਰੀ ਕਿਸਾਨਾਂ ਨੂੰ ਦਿੱਤੀ ।

Share This Article
Leave a Comment