ਨਵੀਂ ਦਿੱਲੀ/ਸ੍ਰੀਨਗਰ: ਜੰਮੂ ਕਸ਼ਮੀਰ ਦੇ ਮੁਅੱਤਲ ਡੀਐਸਪੀ ਦਵਿੰਦਰ ਸਿੰਘ ਦੇ ਮਾਮਲੇ ਦੀ ਜਾਂਚ ਕਰ ਰਹੀ NIA ਅੱਜ ਬਾਰਾਮੂਲਾ ਜ਼ਿਲ੍ਹੇ ਵਿੱਚ ਕਈ ਠਿਕਾਣਿਆਂ ‘ਤੇ ਛਾਪੇਮਾਰੀ ਕਰ ਰਹੀ ਹੈ। ਇਸ ਦੌਰਾਨ ਟੀਮ ਨੇ ਦਵਿੰਦਰ ਸਿੰਘ ਅਤੇ ਹਿਜ਼ਬੁਲ ਅੱਤਵਾਦੀ ਨਵੀਦ ਬਾਬੂ ਦੇ ਕਈ ਠਿਕਾਣਿਆਂ ਨੂੰ ਖੰਗਾਲਿਆ ਹੈ ਅਤੇ ਕਈਆਂ ਦੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ।
ਸੂਤਰਾਂ ਮੁਤਾਬਕ NIA ਦੀ ਟੀਮ ਨੇ ਪੁਲਿਸ ਦੇ ਨਾਲ ਮਿਲ ਕੇ ਵਾਜਾ ਮੁਹੱਲਾ ਦੇ ਰਾਏਪੋਰਾ ਫਲਹਲਾਂ ‘ਚ ਰਹਿਣ ਵਾਲੇ ਰਸੂਲ ਵਾਜਾ ਦੇ ਘਰ ਵੀ ਛਾਪੇਮਾਰੀ ਕੀਤੀ ਹੈ। ਵਾਜਾ ਰਾਜ ਸਿਹਤ ਵਿਭਾਗ ਦਾ ਸੇਵਾਮੁਕਤ ਕਰਮਚਾਰੀ ਹੈ ਵਾਜਾ ਦਾ ਇੱਕ ਪੁੱਤਰ ਫਾਰੂਕ ਅਹਿਮਦ ਵੀ ਸਿਹਤ ਵਿਭਾਗ ਵਿੱਚ ਸਰਕਾਰੀ ਕਰਮਚਾਰੀ ਹੈ। ਉੱਥੇ ਹੀ ਦੂਜਾ ਪੁੱਤਰ ਮੁਸ਼ਤਾਕ ਅਹਿਮਦ ਵਾਜਾ ਅੱਤਵਾਦੀ ਬਣਨ ਲਈ 1993 ਵਿੱਚ ਪਾਕਿਸਤਾਨ ਗਿਆ ਸੀ ਉਦੋਂ ਤੋਂ ਉਹ ਅੱਜ ਤੱਕ ਵਾਪਸ ਨਹੀਂ ਪਰਤਿਆ ਹੈ।
NIA ਨੇ ਇਹ ਛਾਪੇ ਵਿਸ਼ੇਸ਼ ਐਨਆਈਏ ਅਦਾਲਤ ਵਿੱਚ ਮੁਅੱਤਲ ਡੀਐਸਪੀ ਸਣੇ ਛੇ ਲੋਕਾਂ ਦੇ ਖਿਲਾਫ ਦੋਸ਼ ਪੱਤਰ ਦਰਜ ਕਰਨ ਤੋਂ ਤਿੰਨ ਮਹੀਨੇ ਬਾਅਦ ਮਾਰੇ ਗਏ ਹਨ। ਦੋਸ਼ ਪੱਤਰ ਵਿੱਚ ਮੁਅੱਤਲ ਡੀਐੱਸਪੀ ਤੋਂ ਇਲਾਵਾ ਨਾਵੇਦ ਮੁਸ਼ਤਾਕ ਉਰਫ ਨਾਵੇਦ ਬਾਬੂ, ਇਰਫਾਨ ਸ਼ਫੀ ਮੀਰ, ਰਫੀ ਰਾਥਰ, ਤਨਵੀਰ ਅਹਿਮਦ ਵਾਨੀ ਅਤੇ ਸਈਦ ਇਰਫਾਨ ਦਾ ਨਾਮ ਹੈ। ਮੁਅੱਤਲ ਡੀਐਸਪੀ ਦਵਿੰਦਰ ਸਿੰਘ ਜੰਮੂ ਦੀ ਕਠੂਆ ਜੇਲ੍ਹ ਵਿੱਚ ਬੰਦ ਹਨ। ਉੱਥੇ ਹੀ ਹਿਜ਼ਬੁਲ ਅੱਤਵਾਦੀ ਨਵੀਦ ਬਾਬੂ, ਰਫੀ ਅਹਿਮਦ ਰਾਥਰ ਅਤੇ ਇਰਫਾਨ ਸਫੀ ਮੀਰ ਵੀ ਗ੍ਰਿਫਤਾਰ ਹੋ ਚੁੱਕੇ ਹਨ।