ਕਾਠਮੰਡੂ : ਨੇਪਾਲ ਸਰਕਾਰ ਵੱਲੋਂ ਲੌਕਡਾਊਨ ਕਾਰਨ ਪਿਛਲੇ 6 ਮਹੀਨਿਆਂ ਤੋਂ ਬੰਦ ਘਰੇਲੂ ਉਡਾਣ ਸੇਵਾ ਨੂੰ ਸੋਮਵਾਰ ਤੋਂ ਮੁੜ ਸ਼ੁਰੂ ਕਰ ਦਿੱਤਾ ਗਿਆ। ਨੇਪਾਲ ਮੰਤਰੀ ਮੰਡਲ ਦੀ 14 ਸਤੰਬਰ ਨੂੰ ਹੋਈ ਬੈਠਕ ਤੋਂ ਬਾਅਦ ਘਰੇਲੂ ਉਡਾਣ ਸੇਵਾ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ। ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਨੇਪਾਲ ਸਰਕਾਰ ਵੱਲੋਂ ਦੇਸ਼ ‘ਚ ਤਾਲਾਬੰਦੀ ਲਾਗੂ ਕਰਨ ਤੋਂ ਬਾਅਦ ਘਰੇਲੂ ਹਵਾਈ ਉਡਾਣ ਸੇਵਾ ਨੂੰ ਬੰਦ ਕਰ ਦਿੱਤਾ ਸੀ।
ਨੇਪਾਲ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸੋਮਵਾਰ ਨੂੰ ਬੁੱਧ ਏਅਰਲਾਇਨਜ਼ ਦਾ ਜਹਾਜ਼ 57 ਯਾਤਰੀਆਂ ਨੂੰ ਲੈ ਕੇ ਟੂਰਿਸਟ ਕਸਬੇ ਪੋਖਰਾ ਲਈ ਰਵਾਨਾ ਹੋਇਆ। ਨੇਪਾਲ ਦੀਆਂ ਵੱਖ-ਵੱਖ ਥਾਵਾਂ ਲਈ 50 ਉਡਾਣਾਂ ਨੂੰ ਆਗਿਆ ਦਿੱਤੀ ਗਈ ਹੈ। ਤ੍ਰਿਭੁਵਨ ਹਵਾਈ ਅੱਡੇ ਦੇ ਅਧਿਕਾਰੀ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ, ਅੰਤਰਰਾਸ਼ਟਰੀ ਸਿਵਲ ਹਵਾਬਾਜ਼ੀ ਸੰਗਠਨ (ਇਕਾਓ) ਵੱਲੋਂ ਜਾਰੀ ਕੋਰੋਨਾ ਨਾਲ ਸਬੰਧਤ ਪ੍ਰੋਟੋਕੋਲ ਦੇ ਬਾਅਦ ਅੰਦਰੂਨੀ ਹਵਾਈ ਸੇਵਾ ਕੰਮ ਕਰ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਤ੍ਰਿਭੁਵਨ ਏਅਰਪੋਰਟ ਦੇ ਅੰਦਰੂਨੀ ਟਰਮੀਨਲ ‘ਤੇ ਸਿਹਤ ਸੰਬੰਧੀ ਸਾਵਧਾਨੀ ਅਤੇ ਜਾਂਚ ਦਾ ਪ੍ਰਬੰਧ ਕੀਤਾ ਗਿਆ ਹੈ।