ਚੰਡੀਗੜ੍ਹ: ਪੰਜਾਬ ਵਿੱਚ ਖੇਤੀਬਾੜੀ ਬਿੱਲਾਂ ਦਾ ਜ਼ਬਰਦਸਤ ਵਿਰੋਧ ਹੋ ਰਿਹਾ ਹੈ। 25 ਸਤੰਬਰ ਨੂੰ ਕਿਸਾਨਾਂ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਜਿਸ ਦੀ ਹਮਾਇਤ ਆਮ ਆਦਮੀ ਪਾਰਟੀ ਨੇ ਕੀਤੀ ਹੈ। ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਨੇ ਕਿਹਾ ਕਿ ਉਹ ਪੱਚੀ ਸਤੰਬਰ ਨੂੰ ਕਿਸਾਨਾਂ ਨੂੰ ਪੂਰਾ ਸਮਰਥਨ ਦੇਣਗੇ। ਜਿੱਥੇ ਜਿੱਥੇ ਵੀ ਕਿਸਾਨ ਪ੍ਰਦਰਸ਼ਨ ਕਰਨਗੇ ਸਾਡੇ ਵਲੰਟੀਅਰ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜਨਗੇ।
ਚੰਡੀਗੜ੍ਹ ਵਿੱਚ ਗੱਲਬਾਤ ਕਰਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਕਿਸਾਨਾਂ ਨੂੰ ਲੈ ਕੇ ਕਾਂਗਰਸ ਅਤੇ ਅਕਾਲੀ ਦਲ ਸਿਆਸੀ ਰੋਟੀਆਂ ਸੇਕ ਰਹੀਆਂ ਹਨ। ਅਕਾਲੀ ਦਲ ਪਹਿਲਾਂ ਖੇਤੀਬਾੜੀ ਆਰਡੀਨੈਂਸਾਂ ਦੇ ਹੱਕ ਵਿੱਚ ਸੀ। ਫਿਰ ਜਦੋਂ ਪੰਜਾਬ ਵਿੱਚ ਕਿਸਾਨਾਂ ਖੇਤੀ ਮਜ਼ਦੂਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਤਾਂ ਅਕਾਲੀ ਦਲ ਨੇ ਸਿਆਸੀ ਲਾਹਾ ਲੈਣ ਲਈ ਬਿੱਲ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਅਕਾਲੀ ਦਲ ਨੇ ਇੱਕ ਡਰਾਮਾ ਰਚਿਆ ਅਤੇ ਹਰਸਿਮਰਤ ਕੌਰ ਬਾਦਲ ਦਾ ਕੇਂਦਰੀ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ। ਪਰ ਹਰਸਿਮਰਤ ਕੌਰ ਬਾਦਲ ਹਾਲੇ ਵੀ ਇਹ ਕਹਿ ਰਹੀ ਹੈ, ਕਿ ਬਿੱਲ ਸਹੀ ਹਨ ਪਰ ਕਿਸਾਨ ਇਸ ਦਾ ਵਿਰੋਧ ਕਰ ਰਹੇ ਹਨ ਇਸ ਲਈ ਅਸੀਂ ਵੀ ਕਿਸਾਨਾਂ ਨੂੰ ਸਮਰਥਨ ਦੇ ਰਹੇ ਹਾਂ।
ਉਧਰ ਹਰਪਾਲ ਚੀਮਾ ਨੇ ਪੰਜਾਬ ਸਰਕਾਰ ਤੇ ਵਰ੍ਹਦੇ ਹੋਏ ਕਿਹਾ ਕਿ ਸਾਬਕਾ ਖੇਤੀ ਸਕੱਤਰ ਕਾਹਨ ਸਿੰਘ ਪੰਨੂ ਨੇ ਪੰਜਾਬ ਸਰਕਾਰ ਨੂੰ ਕਿਸਾਨ ਵਿਰੋਧੀ ਆਰਡੀਨੈਂਸਾਂ ਬਾਰੇ ਜਾਣੂ ਕਰਵਾਇਆ ਸੀ। ਕਾਹਨ ਸਿੰਘ ਪੰਨੂ ਨੇ ਕਿਹਾ ਸੀ ਕਿ ਜੇਕਰ ਇਹ ਬਿੱਲ ਪਾਸ ਹੁੰਦੇ ਹਨ ਤਾਂ ਇਸ ਨਾਲ ਪੰਜਾਬ ਦੀ ਕਿਸਾਨੀ ਖਤਰੇ ਵਿੱਚ ਹੋਵੇਗੀ। ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਨ ਸਿੰਘ ਪੰਨੂ ਦੀ ਇਕ ਵੀ ਨਾ ਸੁਣੀ।
ਇਸ ਦੇ ਨਾਲ ਹੀ ਹਰਪਾਲ ਚੀਮਾ ਨੇ ਕਿਹਾ ਕਿ ਜਦੋਂ ਆਲ ਪਾਰਟੀ ਮੀਟਿੰਗ ਹੋਈ ਤਾਂ ਉੱਥੇ ਫ਼ੈਸਲਾ ਕੀਤਾ ਗਿਆ ਸੀ ਕਿ ਸਰਬ ਪਾਰਟੀ ਇੱਕ ਵਫ਼ਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਲੈ ਕੇ ਜਾਣਗੇ ਅਤੇ ਖੇਤੀਬਾੜੀ ਆਰਡੀਨੈਂਸਾਂ ਖ਼ਿਲਾਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨਗੇ, ਪਰ ਕੈਪਟਨ ਅਮਰਿੰਦਰ ਸਿੰਘ ਕੋਈ ਵੀ ਵਫ਼ਦ ਦਿੱਲੀ ਲੈ ਕੇ ਨਹੀਂ ਗਏ।