-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ
ਬਾਲੀਵੁੱਡ ਕੋਲ ਅੱਜ ਜੇ ਆਮਿਰ ਖ਼ਾਨ ਜਿਹਾ ਜ਼ਬਰਦਸਤ ਤੇ ਸੁਲਝਿਆ ਹੋਇਆ ਅਦਾਕਾਰ ਹੈ ਤਾਂ ਇਸ ਦਾ ਸਿਹਰਾ ਜਨਾਬ ਤਾਹਿਰ ਹੁਸੈਨ ਨੂੰ ਜਾਂਦਾ ਹੈ ਜਿਸ ਨੇ ਨਾ ਸਿਰਫ਼ ਆਮਿਰ ਨੂੰ ਜਨਮ ਹੀ ਦਿੱਤਾ ਸਗੋਂ ਅਦਾਕਾਰੀ ਦੀ ਚੰਗੀ ਤਾਲੀਮ ਦਿਵਾ ਕੇ ਉਸਨੂੰ ਫ਼ਿਲਮਾਂ ਦੀ ਦੁਨੀਆਂ ਵਿੱਚ ਵੀ ਉਤਾਰਿਆ ਸੀ। ਉਸ ਨੇ ਸੰਨ 1990 ਵਿੱਚ ਆਮਿਰ ਖ਼ਾਨ ਨੂੰ ਲੈ ਕੇ ਫ਼ਿਲਮ ‘ਤੁਮ ਮੇਰੇ ਹੋ ‘ ਵੀ ਨਿਰਦੇਸ਼ਿਤ ਕੀਤੀ ਸੀ ਜੋ ਕਿ ਸਫ਼ਲ ਰਹੀ ਸੀ। ਜਨਾਬ ਤਾਹਿਰ ਹੁਸੈਨ ਇੱਕ ਸਫ਼ਲ ਅਦਾਕਾਰ, ਪਟਕਥਾ ਲੇਖਕ, ਨਿਰਮਾਤਾ ਅਤੇ ਨਿਰਦੇਸ਼ਕ ਸਨ।
19 ਸਤਬੰਰ,1938 ਵਿੱਚ ਜਨਮੇ ਮੁਹੰਮਦ ਤਾਹਿਰ ਹੁਸੈਨ ਖ਼ਾਨ ਭਾਰਤ ਦੇ ਉਸ ਵਕਤ ਦੇ ਉਘੇ ਸਿਆਸੀ ਆਗੂ ਜਨਾਬ ਮੌਲਾਨਾ ਅਬੁਲ ਕਲਾਮ ਆਜ਼ਾਦ ਨਾਲ ਰਿਸ਼ਤੇਦਾਰੀ ਸੀ। ਤਾਹਿਰ ਹੁਸੈਨ ਦੇ ਵੱਡੇ ਭਾਈ ਸਾਹਿਬ ਜਨਾਬ ਨਾਸਿਰ ਹੁਸੈਨ ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਫ਼ਿਲਮਕਾਰ ਸਨ ਇਸ ਲਈ ਤਾਹਿਰ ਨੂੰ ਫ਼ਿਲਮਾਂ ਵਿੱਚ ਆਉਣ ਲਈ ਕੋਈ ਜ਼ਿਆਦਾ ਸੰਘਰਸ਼ ਨਹੀਂ ਕਰਨਾ ਪਿਆ ਪਰ ਆਪਣਾ ਨਾਂ ਉਸਨੇ ਆਪਣੀ ਮਿਹਨਤ ਤੇ ਲਿਆਕਤ ਨਾਲ ਹੀ ਕਮਾਇਆ ਸੀ। ਸੰਨ 1960 ਤੋਂ 1994 ਤੱਕ ਬਤੌਰ ਨਿਰਮਾਤਾ ਆਪਣੀ ਜ਼ਿੰਦਗੀ ਦੇ 34 ਸਾਲ ਬਾਲੀਵੁੱਡ ਦੇ ਨਾਂ ਕਰਕੇ ਉਸਨੇ ਜਿਹੜੀਆਂ ਯਾਦਗਾਰੀ ਫ਼ਿਲਮਾਂ ਬਾਲੀਵੁੱਡ ਦੀ ਝੋਲੀ ਪਾਈਆਂ ਸਨ ਉਨ੍ਹਾ ਵਿੱਚ -‘ਕਾਰਵਾਂ, ਅਨਾਮਿਕਾ, ਮਦਹੋਸ਼, ਜ਼ਖ਼ਮੀ, ਜਨਮ ਜਨਮ ਕਾ ਸਾਥ, ਖ਼ੂਨ ਕੀ ਪੁਕਾਰ, ਲਾਕੇਟ, ਤੁਮ ਮੇਰੇ ਹੋ ਅਤੇ ਹਮ ਹੈਂ ਰਾਹੀ ਪਿਆਰ ਕੇ’ ਦੇ ਨਾਂ ਪ੍ਰਮੁੱਖ ਹਨ।
ਤਾਹਿਰ ਹੁਸੈਨ ਨੇ ਬਤੌਰ ਕਾਰਜਕਾਰੀ ਨਿਰਮਾਤਾ ਸੁਪਰਹਿੱਟ ਫ਼ਿਲਮ ‘ ਤੀਸਰੀ ਮੰਜ਼ਿਲ ‘ ਬਣਾਈ ਸੀ ਅਤੇ ਆਮਿਰ ਖ਼ਾਨ ਨੂੰ ਲੈ ਕੇ ਫ਼ਿਲਮ ‘ਤੁਮ ਮੇਰੇ ਹੋ ‘ ਦਾ ਲੇਖਨ ਅਤੇ ਨਿਰਦੇਸ਼ਨ ਵੀ ਕਾਰਜ ਕੀਤਾ ਸੀ। ਇੱਥੇ ਹੀ ਬਸ ਨਹੀਂ ਤਾਹਿਰ ਇੱਕ ਵਧੀਆ ਅਦਾਕਾਰ ਵੀ ਸੀ। ਉਸਨੇ ਬਤੌਰ ਅਦਾਕਾਰ ‘ ਜਨਮ ਜਨਮ ਕਾ ਸਾਥ,ਪਿਆਰ ਕਾ ਮੌਸਮ,ਜਬ ਪਿਆਰ ਕਿਸੀ ਸੇ ਹੋਤਾ ਹੈ’ ਆਦਿ ਫ਼ਿਲਮਾਂ ਵਿੱਚ ਕੰਮ ਕਰਕੇ ਚੰਗਾ ਨਾਮਣਾ ਖੱਟਿਆ ਸੀ।
ਤਿੰਨ ਪੁੱਤਰਾਂ ਆਮਿਰ ਖ਼ਾਨ,ਫ਼ੈਸਲ ਖ਼ਾਨ ਤੇ ਫ਼ਰਹਾਦ ਖ਼ਾਨ ਅਤੇ ਇੱਕ ਧੀ ਨਿਕਹਤ ਖ਼ਾਨ ਦਾ ਪਿਤਾ ਤਾਹਿਰ ਹੁਸੈਨ 2 ਫ਼ਰਵਰੀ, 2010 ਨੂੰ ਇਸ ਫ਼ਾਨੀ ਜਹਾਨ ਨੂੰ ਅਲਵਿਦਾ ਆਖ਼ ਗਿਆ ਸੀ।