ਚੰਡੀਗੜ੍ਹ: ਖੇਤੀ ਆਰਡੀਨੈਂਸ ਵਿਚਾਲੇ ਪੰਜਾਬ ਦੇ ਕਿਸਾਨਾਂ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ। ਪੰਜਾਬ ਦੇ ਕਿਸਾਨ ਮਜ਼ਦੂਰ ਯੂਨੀਅਨ 24 ਸਤੰਬਰ ਤੋਂ 26 ਸਤੰਬਰ ਤੱਕ ਰੇਲ ਰੋਕੋ ਅੰਦੋਲਨ ਕਰਨਗੇ। ਦੋ ਦਿਨ ਦੇ ਇਸ ਰੇਲ ਰੋਕੋ ਅੰਦੋਲਨ ਦੌਰਾਨ ਪੰਜਾਬ ਦੇ ਅੰਦਰ ਕੋਈ ਵੀ ਟਰੇਨ ਚੱਲਣ ਨਹੀਂ ਦਿੱਤੀ ਜਾਵੇ। ਇਸ ਦੀ ਜਾਣਕਾਰੀ ਕਿਸਾਨ ਲੀਡਰ ਸਵਰਨ ਸਿੰਘ ਪੰਧੇਰ ਵੱਲੋਂ ਦਿੱਤੀ ਗਈ।
ਇਸ ਰੇਲ ਰੋਕੋ ਅੰਦੋਲਨ ਦਾ ਅਸਰ ਅੰਮ੍ਰਿਤਸਰ ਤੋਂ ਇਲਾਵਾ, ਤਰਨ ਤਾਰਨ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ ਦੇ ਲੋਹੀਆਂ ਖਾਸ, ਫ਼ਿਰੋਜ਼ਪੁਰ ਦੇ ਟੈਂਕਾਂ ਵਾਲੀ ਬਸਤ ਅਤੇ ਜਲਾਲਾਬਾਦ ਵਿਖੇ ਦੇਖਣ ਨੂੰ ਮਿਲੇਗਾ।
ਕਿਸਾਨਾਂ ਵੱਲੋਂ 25 ਸਤੰਬਰ ਨੂੰ ਪਹਿਲਾਂ ਹੀ ਪੰਜਾਬ ਬੰਦ ਦਾ ਐਲਾਨ ਕੀਤਾ ਹੋਇਆ ਹੈ। ਜਿਸ ਦੌਰਾਨ ਹੁਣ ਦੋ ਦਿਨ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਜਾਣਗੀਆਂ। ਇਸ ਤੋਂ ਇਲਾਵਾ ਪੰਜਾਬ ਦੇ ਹਰ ਜ਼ਿਲ੍ਹਿਆਂ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਅਤੇ ਪੱਕੇ ਧਰਨੇ ਲਗਾਏ ਹੋਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਅਤੇ ਬਾਦਲਾਂ ਦੇ ਪਿੰਡ ‘ਚ ਵੀ ਕਿਸਾਨਾਂ ਨੇ ਧਰਨਾ ਲਗਾਇਆ ਹੋਇਆ ਹੈ। ਪ੍ਰਦਰਸ਼ਨ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਕਿਸਾਨ ਇਨ੍ਹਾਂ ਦੋਵਾਂ ਥਾਵਾਂ ‘ਤੇ ਹੋਰ ਲੋਕਾਂ ਨੂੰ ਭੇਜਣਗੇ।