ਲੰਡਨ: ਬਰਤਾਨੀਆਂ ‘ਚ ਆਪਣੀ ਪ੍ਰੇਮਿਕਾ ਦਾ ਕਤਲ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਰਤੀ ਮੂਲ ਦੇ ਵਿਅਕਤੀ ਨੂੰ ਸਜ਼ਾ ਸੁਣਾਈ ਗਈ ਹੈ। 23 ਸਾਲਾ ਜਿਗੁ ਕੁਮਾਰ ਸੋਰਥੀ ਨੇ ਗੁੱਸੇ ਵਿੱਚ ਆ ਕੇ ਆਪਣੀ 21 ਸਾਲਾ ਪ੍ਰੇਮਿਕਾ ਭਾਵਿਨੀ ਪ੍ਰਵੀਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਬ੍ਰਿਟੇਨ ਦੀ ਅਦਾਲਤ ਨੇ ਹੁਣ ਜਿਗੁ ਕੁਮਾਰ ਨੂੰ ਅਠਾਈ ਸਾਲ ਤੱਕ ਜੇਲ ‘ਚ ਬੰਦ ਕਰਨ ਦਾ ਹੁਕਮ ਦਿੱਤਾ ਹੈ।
ਲੀਸੇਸਟਰ ਕ੍ਰਾਊਨ ਅਦਾਲਤ ‘ਚ ਸੁਣਵਾਈ ਕਰਦੇ ਹੋਏ ਜੱਜ ਟਿਮੋਥੀ ਸਪੈਂਸਰ ਨੇ ਕਿਹਾ ਕਿ ਇਹ ਇੱਕ ਭਿਆਨਕ ਅਤੇ ਬੇਰਹਿਮੀ ਨਾਲ ਕੀਤਾ ਗਿਆ ਕਤਲ ਸੀ। ਉਨ੍ਹਾਂ ਨੇ ਸਜ਼ਾ ਦਾ ਐਲਾਨ ਕਰਦੇ ਸਮੇਂ ਜਿਗੁ ਕੁਮਾਰ ਨੂੰ ਕਿਹਾ ਕਿ ਤੂੰ ਸੁੰਦਰ ਅਤੇ ਕਾਬਿਲ ਨੌਜਵਾਨ ਲੜਕੀ ਦੀ ਜਾਨ ਲਈ ਹੈ।
ਇਸ ਮਹੀਨੇ ਦੀ ਸ਼ੁਰੂਆਤ ‘ਚ ਕਤਲ ਦੇ ਮੁਕੱਦਮੇ ਦੌਰਾਨ ਜੂਰੀ ਨੂੰ ਦੱਸਿਆ ਗਿਆ ਕਿ ਪ੍ਰਵੀਨ ਨੇ ਸੋਰਥੀ ਨਾਲ ਵਿਆਹ ਕਰਵਾਉਣ ਤੋਂ ਮਨ੍ਹਾਂ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਹ ਟੁੱਟ ਗਿਆ ਸੀ। ਸੋਰਥੀ ਦੋ ਮਾਰਚ ਨੂੰ ਪ੍ਰਵੀਨ ਦੇ ਘਰ ਗਿਆ ਤੇ ਕੁਝ ਮਿੰਟ ਗੱਲਬਾਤ ਕਰਨ ਤੋਂ ਬਾਅਦ ਉਸ ਨੇ ਪ੍ਰਵੀਨ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ ਤੇ ਉਥੋਂ ਫਰਾਰ ਹੋ ਗਿਆ।
ਘਟਨਾ ਤੋਂ ਬਾਅਦ ਪੁਲਿਸ ਅਤੇ ਐਂਬੂਲੈਂਸ ਨੂੰ ਬੁਲਾਇਆ ਗਿਆ ਪਰ ਉਨ੍ਹਾਂ ਨੇ ਪ੍ਰਵੀਨ ਨੂੰ ਮੌਕੇ ਤੇ ਮ੍ਰਿਤ ਐਲਾਨ। ਇਸ ਤੋਂ ਲਗਭਗ ਦੋ ਘੰਟੇ ਬਾਅਦ ਸੋਰਥੀ ਥਾਣੇ ਦੇ ਬਾਹਰ ਇੱਕ ਅਧਿਕਾਰੀ ਕੋਲ ਪਹੁੰਚਿਆ ਅਤੇ ਕਤਲ ਕਰਨ ਦਾ ਜ਼ੁਰਮ ਕਬੂਲਿਆ।