ਚੰਡੀਗੜ੍ਹ : ਕੋਰੋਨਾ ਵਾਇਰਸ ਕਾਰਨ ਚੰਡੀਗੜ੍ਹ ‘ਚ ਬੰਦ ਪਈ ਇੰਟਰ ਸਟੇਟ ਬੱਸ ਸਰਵਿਸ ਸੇਵਾ ਅੱਜ ਬੁੱਧਵਾਰ ਤੋਂ ਮੁੜ ਸ਼ੁਰੂ ਹੋ ਗਈ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਯੂ.ਟੀ. ‘ਚ ਕੋਰੋਨਾ ਵਾਇਰਸ ਦੇ ਵਧਦੇ ਹੋਏ ਮਾਮਲਿਆਂ ਦੇ ਮੱਦੇਨਜ਼ਰ 13 ਜੂਨ ਤੋਂ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ.ਟੀ.ਯੂ.) ਅਤੇ ਹੋਰ ਸੂਬਿਆਂ ਤੋਂ ਆਉਣ ਵਾਲੀਆਂ ਬੱਸਾਂ ‘ਤੇ ਰੋਕ ਲਗਾ ਦਿੱਤੀ ਸੀ।
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੋਵਿਡ-19 ਦੇ ਜ਼ਰੂਰੀ ਨਿਯਮਾਂ ਤਹਿਤ ਹੀ ਬੱਸਾਂ ਨੂੰ ਚਲਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਬੱਸਾਂ ਨੂੰ ਸਿਰਫ਼ ਆਈ. ਐੱਸ. ਬੀ. ਟੀ. ਸੈਕਟਰ-17 ਅਤੇ ਸੈਕਟਰ-43 ਬੱਸ ਸਟਾਪ ‘ਤੇ ਹੀ ਰੋਕਣ ਦੀ ਆਗਿਆ ਦਿੱਤੀ ਗਈ ਹੈ ਇੱਥੋਂ ਹੀ ਲੋਕਾਂ ਨੂੰ ਪੰਜਾਬ ਅਤੇ ਹਰਿਆਣਾ ਲਈ ਬੱਸਾਂ ਮਿਲਣਗੀਆਂ। ਲੋਕਾਂ ਨੂੰ ਟਿਕਟ ਲਈ ਆਨਲਾਈਨ ਬੁਕਿੰਗ ਕਰਨ ਦੀ ਸਲਾਹ ਦਿੱਤੀ ਗਈ ਹੈ। ਪ੍ਰਸਾਸ਼ਨ ਅਧਿਕਾਰੀਆਂ ਵੱਲੋਂ ਰੋਜ਼ਾਨਾ ਬੱਸਾਂ ਅਤੇ ਬੱਸ ਸਟੈਂਡ ਨੂੰ ਸੈਨੇਟਾਈਜ਼ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਅਤੇ ਹਰਿਆਣਾ ਲਈ ਬੱਸ ਸੇਵਾ ਸ਼ੁਰੂ ਕਰਨ ਤੋਂ ਪਹਿਲਾਂ ISBT ਸੈਕਟਰ-17 ਅਤੇ ਸੈਕਟਰ-43 ਨੂੰ ਸੈਨੇਟਾਈਜ਼ ਕੀਤਾ ਗਿਆ ਹੈ।