ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਪੰਜਾਬ ਇਕਾਈ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ ਪੰਜ ਵਿਅਕਤੀਆਂ ‘ਤੇ ਕੋਵਿਡ-19 ਮਹਾਂਮਾਰੀ ਦੌਰਾਨ ਜਾਰੀ ਹੁਕਮਾਂ ਦੀਆਂ ਉਲੰਘਣਾ ਦੇ ਦੋਸ਼ ਹੇਠ ਪਠਾਨਕੋਟ ਦੇ ਥਾਣਾ ਡਵੀਜ਼ਨ ਨੰਬਰ 1 ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਸ਼ਵਨੀ ਸ਼ਰਮਾ ਨੇ ਪਠਾਨਕੋਟ ‘ਚ ਰਾਜਨੀਤਿਕ ਮੀਟਿੰਗ ਕੀਤੀ ਸੀ, ਜਿਸ ਦੌਰਾਨ ਉਨ੍ਹਾਂ ਨੇ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਸੀ। ਜਿਸ ਦੇ ਚੱਲਦਿਆਂ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਵਿੱਕੀ ਰਾਮਪਾਲ, ਸਾਬਕਾ ਐੱਮ. ਸੀ. ਸੁਦੇਸ਼ ਸ਼ਰਮਾ, ਸੰਜੇ ਸ਼ਰਮਾ ਅਤੇ ਸੁਨੀਲ ਕੁਮਾਰ ਦੇ ਖ਼ਿਲਾਫ਼ ਧਾਰਾ 188,269,270 ਭ. ਦ 51 ਡੀ. ਐੱਮ. ਐਕਟ-2005, 3 ਈ. ਡੀ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਕਤ ਤੋਂ ਇਲਾਵਾ ਇਸ ਮਾਮਲੇ ‘ਚ 35 ਤੋਂ 40 ਅਣਪਛਾਤੇ ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ।