ਪੰਜਾਬ ਸਰਕਾਰ ਵੱਲੋਂ ਗਲਵਾਨ ਘਾਟੀ ਦੇ ਸ਼ਹੀਦਾਂ ਦੇ ਵਾਰਸਾਂ ਨੂੰ 1.92 ਕਰੋੜ ਰੁਪਏ ਦੀ ਐਕਸ ਗ੍ਰੇਸ਼ੀਆ ਜਾਰੀ

TeamGlobalPunjab
1 Min Read

ਚੰਡੀਗੜ੍ਹ: ਗਲਵਾਨ ਘਾਟੀ ਵਿੱਚ ਸ਼ਹੀਦ ਹੋਏ ਸੈਨਿਕਾਂ ਦੀ ਕੁਰਬਾਨੀ ਨੂੰ ਮੁੱਖ ਰੱਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵੀਰਵਾਰ ਨੂੰ ਐਕਸ ਗ੍ਰੇਸ਼ੀਆ, ਮਾਪਿਆਂ ਨੂੰ ਵਾਧੂ ਰਾਹਤ ਅਤੇ ਪਲਾਟ ਬਦਲੇ ਨਗਦ ਰਾਸ਼ੀ ਵਜੋਂ 1.92 ਕਰੋੜ ਰੁਪਏ ਜਾਰੀ ਕੀਤੇ ਜੋ ਕਿ ਪੰਜਾਬ ਨਾਲ ਸਬੰਧਤ ਸ਼ਹੀਦ ਹੋਏ ਸੈਨਿਕਾਂ ਦੇ ਵਾਰਸਾਂ ਨੂੰ ਦਿੱਤੇ ਜਾਣਗੇ।

ਇਹ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਦੇ ਬੁਲਾਰੇ ਨੇ ਦੱਸਿਆ ਕਿ ਇਹ ਰਾਸ਼ੀ ਸਿੱਧੀ ਤੌਰ ‘ਤੇ ਵਾਰਸਾਂ ਦੇ ਖਾਤਿਆਂ ਵਿੱਚ ਤੁਰੰਤ ਹੀ ਪਾਈ ਜਾਵੇਗੀ।
ਸ਼ਹੀਦ ਸੈਨਿਕਾਂ ਨੂੰ ਯਾਦ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਇਨ੍ਹਾਂ ਬਹਾਦਰ ਸੈਨਿਕਾਂ ਦੀ ਕੁਰਬਾਨੀ ਨੂੰ ਕਦੇ ਵੀ ਨਹੀਂ ਭੁੱਲੇਗਾ ਅਤੇ ਸੂਬਾ ਸਰਕਾਰ ਇਨ੍ਹਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਮੱਦਦ ਯਕੀਨੀ ਬਣਾਏਗੀ।

ਗੌਰਤਲਬ ਹੈ ਕਿ 15 ਤੇ 16 ਜੂਨ ਦੀ ਦਰਮਿਆਨੀ ਰਾਤ ਨੂੰ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਵਿਖੇ ਭਾਰਤ ਤੇ ਚੀਨੀ ਸੈਨਿਕਾਂ ਵਿਚਾਲੇ ਹੋਈ ਹਿੰਸਕ ਝੜਪ ਦੌਰਾਨ ਸ਼ਹੀਦ ਹੋਏ ਭਾਰਤੀ ਫੌਜ ਦੇ 20 ਸੈਨਿਕਾਂ ਵਿੱਚੋਂ ਚਾਰ ਸੈਨਿਕ ਪੰਜਾਬ ਨਾਲ ਸਬੰਧਤ ਸਨ ਜਿਨ੍ਹਾਂ ਦੇ ਨਾਂ ਨਾਇਬ ਸੂਬੇਦਾਰ ਮਨਦੀਪ ਸਿੰਘ (3 ਮੀਡੀਅਮ ਰੈਜੀਮੈਂਟ) ਆਰਮੀ ਨੰਬਰ ਜੇ.ਸੀ.-280111 ਐਮ, ਨਾਇਬ ਸੂਬੇਦਾਰ ਸਤਨਾਮ ਸਿੰਘ (3 ਮੀਡੀਅਮ ਰੈਜੀਮੈਂਟ) ਆਰਮੀ ਨੰਬਰ ਜੇ.ਸੀ.-287210, ਸਿਪਾਹੀ ਗੁਰਬਿੰਦਰ ਸਿੰਘ (3 ਪੰਜਾਬ) ਆਰਮੀ ਨੰਬਰ 2514989 ਐਫ ਤੇ ਸਿਪਾਹੀ ਗੁਰਤੇਜ ਸਿੰਘ (3 ਪੰਜਾਬ) ਆਰਮੀ ਨੰਬਰ 2516683 ਐਕਸ ਸਨ।

Share This Article
Leave a Comment