ਨਵੀਂ ਦਿੱਲੀ : ਲੜਾਕੂ ਜਹਾਜ਼ ਰਾਫੇਲ ਨੂੰ ਅੱਜ ਯਾਨੀ ਵੀਰਵਾਰ ਨੂੰ ਅੰਬਾਲਾ ਏਅਰਫੋਰਸ ਸਟੇਸ਼ਨ ‘ਚ ਰਸਮੀ ਤੌਰ ‘ਤੇ ਹਵਾਈ ਫੌਜ ‘ਚ ਸ਼ਾਮਲ ਕੀਤਾ ਜਾਵੇਗਾ। ਇਸ ਦੌਰਾਨ ਇੰਡਕਸ਼ਨ ਸੈਰੇਮਨੀ ਦਾ ਆਯੋਜਨ ਵੀ ਕੀਤਾ ਜਾਵੇਗਾ। ਪੂਰੀ ਦੁਨੀਆ ਅੱਜ ਅਸਮਾਨ ‘ਚ ‘ਭਾਰਤ ਦੀ ਸ਼ਕਤੀ’ ਦਾ ਲੋਹਾ ਦੇਖੇਗੀ। ਇਸ ਪ੍ਰੋਗਰਾਮ ‘ਚ ਲੜਾਕੂ ਜਹਾਜ਼ ਤੇਜਸ ਦੀ ਗਰਜ ਵੀ ਸੁਣਾਈ ਦੇਵੇਗੀ। ਇਸ ਤੋਂ ਇਲਾਵਾ ‘ਸਾਰੰਗ ਏਅਰੋਬੈਟਿਕ ਟੀਮ’ ਦੇ ਧਰੁਵ ਹੈਲੀਕਾਪਟਰਾਂ ਦਾ ਜੱਥਾ ਰਾਫੇਲ ਦੇ ਸਵਾਗਤ ‘ਚ ਪ੍ਰਦਰਸ਼ਨ ਕਰੇਗਾ। ਦੋਵੇਂ ਤਾਮਿਲਨਾਡੂ ਦੇ ਸੁਲੂਰ ਏਅਰਫੋਰਸ ਸਟੇਸ਼ਨ ਤੋਂ ਅੰਬਾਲਾ ਪਹੁੰਚ ਚੁੱਕੇ ਹਨ ਅਤੇ ਪਿਛਲੇ ਦੋ ਦਿਨਾਂ ਤੋਂ ਰਾਫੇਲ ਨਾਲ ਅਭਿਆਸ ‘ਚ ਲੱਗੇ ਹੋਏ ਹਨ। ਇਥੇ ਦੱਸ ਦਈਏ ਕਿ ਬੀਤੀ 27 ਜੁਲਾਈ ਨੂੰ 5 ਰਾਫੇਲ ਲੜਾਕੂ ਜਹਾਜ਼ਾਂ ਨੂੰ ਫਰਾਂਸ ਤੋਂ ਅੰਬਾਲਾ ਦੇ ਏਅਰਫੋਰਸ ਸਟੇਸ਼ਨ ਪਹੁੰਚੇ ਸਨ।
ਮਹੱਤਵਪੂਰਨ ਗੱਲ ਇਹ ਹੈ ਕਿ ਇਸ ਇਤਿਹਾਸਕ ਸਮਾਗਮ ‘ਚ ਹਿੱਸਾ ਲੈਣ ਲਈ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਫ਼ਰਾਂਸ ਦੀ ਰੱਖਿਆ ਮੰਤਰੀ ਫਲੋਰੈਂਸ ਪਾਰਲੇ ਬਤੌਰ ਮੁੱਖ ਮਹਿਮਾਨ ਅੰਬਾਲਾ ਏਅਰਫੋਰਸ ਸਟੇਸ਼ਨ ਪਹੁੰਚਣਗੇ। ਇਸ ਤੋਂ ਇਲਾਵਾ ਚੀਫ ਆਫ ਡਿਫੈਂਸ ਸਟਾਫ ਬਿਪਿਨ ਰਾਵਤ, ਏਅਰ ਚੀਫ ਮਾਰਸ਼ਲ ਆਰ.ਕੇ.ਐੱਸ. ਭਦੌਰਿਆ, ਡਿਪਾਰਟਮੈਂਟ ਆਫ ਡਿਫੈਂਸ ਆਰ.ਐਂਡ.ਡੀ. ਦੇ ਸਕੱਤਰ ਅਤੇ ਡੀ.ਆਰ.ਡੀ.ਓ. ਦੇ ਚੇਅਰਮੈਨ ਡਾ. ਜੀ ਸਤੀਸ਼ ਰੈੱਡੀ ਸਮੇਤ ਰੱਖਿਆ ਮੰਤਰਾਲਾ ਦੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਸਮਾਗਮ ‘ਚ ਪਹੁੰਚਣਗੇ।