ਬਰਨਾਲਾ : ਇੱਥੇ ਐਸਸੀ ਵਿਦਿਆਰਥੀਆਂ ਵਲੋਂ ਇੱਕ ਪ੍ਰਾਈਵੇਟ ਕਾਲਜ ਦੇ ਖਿਲਾਫ਼ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ। ਵਿਦਿਆਰਥੀਆਂ ਵਲੋਂ ਨਿੱਜੀ ਕਾਲਜ ਦੀ ਮੈਨੇਜਮੈਂਟ ’ਤੇ ਫ਼ੀਸ ਲਈ ਐਸਸੀ ਵਿਦਿਆਰਥੀਆਂ ਨੂੰ ਤੰਗ ਪਰੇਸ਼ਾਨ ਦੇ ਰੋਸ ਵਜੋਂ ਪ੍ਰਦਰਸ਼ਨ ਕੀਤਾ ਗਿਆ। ਵਿਦਿਆਰਥੀਆਂ ਨੇ ਦੋਸ਼ ਲਗਾਇਆ ਕਿ ਪਿਛਲੇ 3 ਸਾਲਾਂ ਤੋਂ ਫੀਸ ਲਈ ਮੈਨੇਜਮੈਂਟ ਪਰੇਸ਼ਾਨ ਕਰਦੀ ਆ ਰਹੀ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਵਿਦਿਆਰਥੀਆਂ ਹਰਪ੍ਰੀਤ ਸਿੰਘ, ਮਿੰਟੂ ਕੌਰ, ਰਮਨਦੀਪ ਕੌਰ ਨੇ ਕਿਹਾ ਕਿ ਪਿਛਲੇ 3 ਸਾਲਾਂ ਤੋਂ ਲਗਾਤਾਰ ਉਹਨਾਂ ਨੂੰ ਫ਼ੀਸ ਦੇ ਨਾਮ ’ਤੇ ਤੰਗ ਕੀਤਾ ਜਾ ਰਿਹਾ ਹੈ। ਹਰ ਸਾਲ ਉਹ ਆਪਣੀ ਫ਼ੀਸ ਮੁਆਫ਼ ਕਰਵਾਉਣ ਲਈ ਸੰਘਰਸ਼ ਕਰਦੇ ਆ ਰਹੇ ਹਨ। 2018 ਵਿੱਚ ਵੀ ਉਹਨਾਂ ਵਲੋਂ ਇਸ ਮਾਮਲੇ ’ਤੇ ਭੁੱਖ ਹੜਤਾਲ ਕੀਤੀ ਗਈ ਸੀ। ਇੰਨਾ ਹੀ ਨਹੀਂ 2019 ਵਿੱਚ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਕੇ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ।
ਫਿਰ ਕਾਲਜ ਮੈਨਜਮੈਂਟ ਵਲੋਂ ਜ਼ਿਲਾ ਪ੍ਰਸ਼ਾਸ਼ਨ ਦੇ ਦਖ਼ਲ ਤੋਂ ਬਾਅਦ ਵਿਦਿਆਰਥੀਆਂ ਦੀ ਫ਼ੀਸ ਮੁਆਫ਼ ਕੀਤੀ ਸੀ। ਪਰ ਹੁਣ ਇਸ ਵਾਰ ਮੁੜ ਐਸਸੀ ਵਿਦਿਆਰਥੀਆਂ ਤੋਂ ਫ਼ੀਸ ਮੰਗ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਐਸਸੀ ਵਿਦਿਆਰਥੀ ਵੱਡੀਆਂ ਫ਼ੀਸਾਂ ਭਰਨ ਤੋਂ ਅਸਮਰੱਥ ਹਨ।
ਰੋਸ ਕਰ ਰਹੇ ਵਿਦਿਆਰਥੀਆਂ ਨੇ ਕਿਹਾ ਕਿ ਪਿਛਲੇ ਸਾਲ ਡੀਸੀ ਬਰਨਾਲਾ ਅਤੇ ਐਸਡੀਐਮ ਦੀ ਮੌਜੂਦਗੀ ਵਿੱਚ ਲਿਖਿਤ ਸਮਝੌਤਾ ਹੋਇਆ ਸੀ ਕਿ ਬਰਨਾਲਾ ਜ਼ਿਲੇ ਦਾ ਕੋਈ ਵੀ ਕਾਲਜ ਐਸਸੀ ਬੱਚਿਆਂ ਤੋਂ ਫ਼ੀਸ ਨਹੀਂ ਲਵੇਗਾ। ਇਸ ਵਾਰ ਫ਼ਿਰ ਵੀ ਇਸ ਕਾਲਜ ਵਲੋਂ ਅਜਿਹੇ ਬੱਚਿਆਂ ਤੋਂ ਫ਼ੀਸ ਮੰਗੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਮੈਨੇਜਮੈਂਟ ਦੀ ਫ਼ੀਸ ਮੰਗਣੀ ਬੰਦ ਨਾ ਕੀਤੀ ਤਾਂ ਉਹ ਆਪਣਾ ਸੰਘਰਸ਼ ਤੇਜ਼ ਕਰਨਗੇ।