ਵਾਸ਼ਿੰਗਟਨ : ਚੀਨ ਅਤੇ ਭਾਰਤ ਵਿਵਾਦ ਵਿੱਚ ਅਮਰੀਕੀ ਰਾਸ਼ਟਰਪਤੀ ਡੋਲਨਡ ਟਰੰਪ ਨੇ ਫਿਰ ਐਂਟਰੀ ਮਾਰੀ ਹੈ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ ਭਾਰਤ ਅਤੇ ਚੀਨ ਵਿਵਾਦ ਨੂੰ ਸੁਲਝਾਉਣ ਦੇ ਲਈ ਮਦਦ ਲਈ ਤਿਆਰ ਹਨ। ਇਸ ਦੇ ਨਾਲ ਹੀ ਟਰੰਪ ਨੇ ਕਿਹਾ ਕਿ ਭਾਰਤ ਅਤੇ ਚੀਨ ਦੇ ਸਬੰਧਾਂ ‘ਚ ਸੁਧਾਰ ਕਰਨ ਲਈ ਅਮਰੀਕਾ ਵਚਨਬੱਧ ਹੈ।
ਪੂਰਬੀ ਲੱਦਾਖ ਵਿੱਚ ਐੱਲਏਸੀ ‘ਤੇ ਜਾਰੀ ਭਾਰਤ-ਚੀਨ ਫੌਜ ਵਿਵਾਦ ਵਿਚਾਲੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਟਰੰਪ ਨੇ ਕਿਹਾ- ‘ਜਿਵੇਂ ਕਿ ਤੁਸੀਂ ਜਾਣਦੇ ਹੋ ਚੀਨ ਅਤੇ ਭਾਰਤ ਸਰਹੱਦ ਤੇ ਕੀ ਚੱਲ ਰਿਹਾ ਹੈ। ਇਹ ਇਕ ਬਹੁਤ ਹੀ ਖਰਾਬ ਸਥਿਤੀ ਹੈ ਅਤੇ ਅਸੀਂ ਚੀਨ ਤੇ ਭਾਰਤ ਦੇ ਸਬੰਧਾਂ ‘ਚ ਮਦਦ ਕਰਨ ਦੇ ਲਈ ਤਿਆਰ ਹਾਂ। ਜੇਕਰ ਅਸੀਂ ਕੁਝ ਵੀ ਕਰ ਸਕਦੇ ਹਾਂ ਤਾਂ ਅਸੀਂ ਇਸ ਵਿੱਚ ਸ਼ਾਮਿਲ ਹੋਣਾ ਅਤੇ ਮਦਦ ਕਰਨਾ ਪਸੰਦ ਕਰਾਂਗੇ। ਅਸੀਂ ਦੋਵਾਂ ਦੇਸ਼ਾਂ ਨਾਲ ਇਸ ਬਾਬਤ ਗੱਲਬਾਤ ਵੀ ਕਰਾਂਗੇ।”
ਇਹ ਪਹਿਲੀ ਵਾਰ ਨਹੀਂ ਕਿ ਅਮਰੀਕਾ ਭਾਰਤ ਦੇ ਗੁਆਂਢੀ ਮੁਲਕਾਂ ਨਾਲ ਪੈਦਾ ਹੋਏ ਵਿਵਾਦ ਨੂੰ ਸੁਲਝਾਉਣ ਦਾ ਦਾਅਵਾ ਕਰ ਰਿਹਾ ਹੈ। ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਵਿੱਚ ਵੀ ਪਾਕਿਸਤਾਨ ਨਾਲ ਵਧੇ ਤਕਰਾਰ ਨੂੰ ਹੱਲ ਕਰਨ ਲਈ ਅਮਰੀਕਾ ਦੇ ਰਾਸ਼ਟਰਪਤੀ ਨੇ ਮਦਦ ਦੀ ਪੇਸ਼ਕਸ਼ ਕੀਤੀ ਸੀ।