ਚੰਡੀਗੜ੍ਹ: ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੇ ਘਰ ਬਾਹਰ ਲੱਗਣ ਵਾਲੇ ਪੋਸਟਰ ਨੂੰ ਲੈ ਕੇ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਕੋਵਿਡ ਮਰੀਜ਼ਾਂ ਦੇ ਘਰ ਬਾਹਰ ਹੁਣ ਇਕਾਂਤਵਾਸ ਵਾਲੇ ਪੋਸਟਰ ਨਹੀਂ ਲਗਾਏ ਜਾਣਗੇ।
ਸਰਕਾਰ ਦੇ ਇਸ ਫੈਸਲੇ ਨਾਲ ਹੁਣ ਕੋਰੋਨਾ ਨਾਲ ਲੜ ਰਹੇ ਮਰੀਜ਼ਾਂ ਨੂੰ ਇੱਕ ਕਿਸਮ ਦਾ ਭੇਦਭਾਵ ਨਹੀਂ ਸਹਿਣਾ ਪਵੇਗਾ, ਕਿਉਂਕਿ ਇਕਾਂਤ ਵਾਸ ਸਮਾਂ ਪੂਰਾ ਕਰਨ ਦੇ ਬਾਵਜੂਦ ਲੋਕ ਕੋਰੋਨਾ ਮਰੀਜਾਂ ਦੇ ਨਾਲ ਭੇਦਭਾਵ ਰੱਖਣ ਲੱਗ ਪਏ ਸਨ। ਮਹਾਂਮਾਰੀ ਨਾਲ ਜੁੜੇ ਹੋਏ ਵਿਤਕਰੇ ਨੂੰ ਘੱਟ ਕਰਨ ਲਈ ਪੰਜਾਬ ਸਰਕਾਰ ਨੇ ਪਹਿਲੇ ਫ਼ੈਸਲੇ ਨੂੰ ਰੱਦ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਕੋਈ ਵੀ ਕੋਰੋਨਾ ਮਰੀਜ਼ ਜਾਂ ਉਸ ਦੇ ਸੰਪਰਕ ਵਿੱਚ ਆਏ ਲੋਕ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੇ ਘਰ ਬਾਹਰ ਸਿਹਤ ਵਿਭਾਗ ਵੱਲੋਂ ਇੱਕ ਸੂਚਨਾਤਮਕ ਪੋਸਟਰ ਲਗਾਇਆ ਜਾਂਦਾ ਸੀ। ਜਿਸ ਵਿੱਚ ਲਿਖਿਆ ਜਾਂਦਾ ਸੀ ਕਿ ਇਹ ਵਿਅਕਤੀ ਕੋਰੋਨਾ ਨਾਲ ਪੀੜਤ ਹੈ ਜਾਂ ਵਿਦੇਸ਼ ਦੀ ਯਾਤਰਾ ਕਰਕੇ ਆਇਆ ਹੈ। ਇਸ ਲਈ ਉਕਤ ਵਿਅਕਤੀ ਨੂੰ ਇਕਾਂਤਵਾਸ ਕੀਤਾ ਹੈ, ਲੋਕ ਇਸ ਵਿਅਕਤੀ ਤੋਂ ਕੁਆਰੰਨਟੀਨ ਪੀਰੀਅਡ ਤੱਕ ਦੂਰੀ ਬਣਾ ਕੇ ਰੱਖਣ।