ਨਵੀਂ ਦਿੱਲੀ :ਕੋਵਿਡ-19 ਸੰਕਟ ਨੂੰ ਦੇਖਦੇ ਹੋਏ ਬਣਾਏ ਗਏ ਪੀਐੱਮ ਕੇਅਰ ਫੰਡ ‘ਚ ਪੰਜ ਦਿਨਾਂ ਦੇ ਅੰਦਰ ਅੰਦਰ 3076 ਕਰੋੜ ਰੁਪਏ ਦੀ ਰਾਸ਼ੀ ਇਕੱਠਾ ਹੋਈ ਹੈ। ਇਸ ਰਾਸ਼ੀ ‘ਤੇ ਹੁਣ ਕਾਂਗਰਸ ਨੇ ਸਵਾਲ ਚੁੱਕੇ ਹਨ। ਸਰਕਾਰ ਵੱਲੋਂ ਜਾਰੀ ਕੀਤੀ ਗਈ ਆਡਿਟ ਰਿਪੋਰਟ ‘ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਵਿੱਤੀ ਵਰ੍ਹਾ 2020 ਦੀ ਸਟੇਟਮੈਂਟ ਅਨੁਸਾਰ 3076 ਕਰੋੜ ਰੁਪਏ ਡੋਨੇਸ਼ਨ 27 ਮਾਰਚ ਤੋਂ 31 ਮਾਰਚ ਵਿੱਚ ਦਿੱਤਾ ਗਿਆ ਹੈ।
ਇਸ ਰਾਸ਼ੀ ਵਿੱਚ 3075.83 ਕਰੋੜ ਰੁਪਏ ਦਾ ਦਾਨ ਘਰੇਲੂ ਅਤੇ ਆਪਣੀ ਇੱਛਾ ਅਨੁਸਾਰ ਦਿੱਤਾ ਗਿਆ ਹੈ ਜਦਕਿ 39.67 ਲੱਖ ਰੁਪਏ ਦਾ ਯੋਗਦਾਨ ਵਿਦੇਸ਼ਾਂ ਤੋਂ ਆਇਆ ਹੈ।
ਆਡਿਟ ਸਟੇਟਮੈਂਟ ਪੀਐਮ ਕੇਅਰ ਫੰਡ ਦੀ ਵੈੱਬਸਾਈਟ ‘ਤੇ ਸਾਂਝਾ ਕੀਤੀ ਗਿਆ ਹੈ। ਪਰ ਇਸ ਸਟੇਟਮੈਂਟ ਵਿੱਚ ਨੋਟ 1 ਤੋਂ ਲੈ ਕੇ 6 ਤੱਕ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਇਸ ਦਾ ਮਤਲਬ ਇਹ ਹੈ ਕਿ ਘਰੇਲੂ ਅਤੇ ਵਿਦੇਸ਼ੀ ਦਾਨ ਦੇਣ ਵਾਲਿਆਂ ਦੀ ਜਾਣਕਾਰੀ ਸਰਕਾਰ ਨੇ ਨਹੀਂ ਦਿੱਤੀ ਹੈ।
ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਲੀਡਰ ਪੀ ਚਿਦੰਬਰਮ ਨੇ ਇਸ ਦੇ ਉੱਪਰ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਪੁੱਛਿਆ ਕਿ ਦਾਨੀਆਂ ਦੀ ਜਾਣਕਾਰੀ ਕਿਉਂ ਨਹੀਂ ਦਿੱਤੀ ਗਈ? ਇਸ ਦੇ ਨਾਲ ਹੀ ਸਾਬਕਾ ਵਿੱਤ ਮੰਤਰੀ ਨੇ ਪੁੱਛਿਆ ਹਰ ਇੱਕ ਐੱਨਜੀਓ ਜਾਂ ਟਰੱਸਟ ਇੱਕ ਸੀਮਾ ਤੋਂ ਵੱਧ ਰਾਸ਼ੀ ਦਾਨ ਕਰਨ ਵਾਲੇ ਦਾਨੀਆਂ ਦੇ ਨਾਂ ਸਾਂਝਾ ਕਰਨ ਦੇ ਲਈ ਬਚਨਵੱਧ ਹੈ। ਇਸ ਤਹਿਤ ਪੀਐੱਮ ਕੇਅਰ ਫੰਡ ਨੂੰ ਛੋਟ ਕਿਉਂ ਦਿੱਤੀ ਗਈ ?
ਕੋਵਿਡ-19 ਸੰਕਟ ਨੂੰ ਦੇਖਦੇ ਹੋਏ ਸਰਕਾਰ ਨੇ ਪੀਐੱਮ ਕੇਅਰ ਫੰਡ ਦੀ ਸ਼ੁਰੂਆਤ ਕੀਤੀ ਸੀ। ਜਿੱਥੇ ਦਾਨੀ ਸੱਜਣ ਆਪਣੀ ਇੱਛਾ ਅਨੁਸਾਰ ਸਰਕਾਰ ਨੂੰ ਰਾਸ਼ੀ ਦਾਨ ਕਰ ਸਕਦੇ ਹਨ।