ਹੁਸ਼ਿਆਰਪੁਰ: ਜੰਮੂ ਕਸ਼ਮੀਰ ‘ਚ ਪਾਕਿਸਤਾਨ ਨਾਲ ਹੋਈ ਕਰਾਸ ਫਾਇਰਿੰਗ ਵਿਚ ਮੁਕੇਰੀਆਂ ਦਾ ਜਵਾਨ ਸ਼ਹੀਦ ਹੋ ਗਿਆ ਹੈ। ਸ਼ਹੀਦ ਰਾਜੇਸ਼ ਕੁਮਾਰ ਮੁਕੇਰੀਆਂ ਦੇ ਕਲੀਚਪੁਰ ਕਲੋਤਾ ਪਿੰਡ ਦੇ ਰਹਿਣ ਵਾਲੇ ਸਨ, ਰਾਜੇਸ਼ ਕੁਮਾਰ ਰਾਜੌਰੀ ਸੈਕਟਰ ਵਿੱਚ ਤਾਇਨਾਤ ਸਨ।
ਬੀਤੇ ਦਿਨੀਂ ਪਾਕਿਸਤਾਨ ਵੱਲੋਂ ਰੁਕ-ਰੁਕ ਕੇ ਫਾਇਰਿੰਗ ਕੀਤੀ ਜਾ ਰਹੀ ਸੀ। ਜਿਸ ਦੇ ਜਵਾਬ ਵਜੋਂ ਭਾਰਤੀ ਜਵਾਨ ਵੀ ਗੋਲੀ ਬਦਲੇ ਗੋਲੀ ਦਾਗ ਰਹੇ ਸਨ। ਇਸ ਦੌਰਾਨ ਕਰਾਸ ਫਾਇਰਿੰਗ ਵਿੱਚ ਮੁਕੇਰੀਆਂ ਦੇ ਰਾਜੇਸ਼ ਕੁਮਾਰ ਸ਼ਹੀਦ ਹੋ ਗਏ।
41 ਸਾਲਾ ਰਾਜੇਸ਼ ਕੁਮਾਰ 1996 ਵਿੱਚ ਭਾਰਤੀ ਫੌਜ ਦਾ ਹਿੱਸਾ ਬਣੇ ਸਨ। ਰਾਜੇਸ਼ ਕੁਮਾਰ ਆਪਣੇ ਪਿੱਛੇ ਮਾਤਾ-ਪਿਤਾ, ਪਤਨੀ, ਇੱਕ ਲੜਕਾ ਅਤੇ ਲੜਕੀ ਨੂੰ ਛੱਡ ਕੇ ਚਲੇ ਗਏ। ਪਰਿਵਾਰ ਨੂੰ ਜਿੱਥੇ ਪੁੱਤਰ ਦੇ ਸ਼ਹੀਦ ਹੋਣ ‘ਤੇ ਗਹਿਰਾ ਸਦਮਾ ਲੱਗਾ ਹੈ, ਉਥੇ ਹੀ ਮਾਣ ਮਹਿਸੂਸ ਵੀ ਕਰ ਰਹੇ ਹਨ।