ਨਵੀਂ ਦਿੱਲੀ : ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਨੇ ਦੇਸ਼ ਦੀਆਂ ਜੇਲ੍ਹਾਂ ਦੀ ਵਿਵਸਥਾ ਤੇ ਇਕ ਰਿਪੋਰਟ ਪੇਸ਼ ਕੀਤੀ ਹੈ। ਜਿਸ ਵਿੱਚ ਪੰਜਾਬ ਦੀਆਂ ਜੇਲ੍ਹਾਂ ‘ਤੇ ਵੱਡੇ ਸਵਾਲ ਖੜ੍ਹੇ ਕੀਤੇ ਗਏ ਹਨ। ਦਰਅਸਲ ਇਸ ਰਿਪੋਰਟ ਵਿੱਚ ਪੰਜਾਬ ਦੀਆਂ ਜੇਲ੍ਹਾਂ ਦਾ ਹਾਲ ਸਭ ਤੋਂ ਵੱਧ ਖਰਾਬ ਹੈ।
ਜੇਲ੍ਹਾਂ ਵਿੱਚ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਪੰਜਾਬ ਦੂਸਰੇ ਨੰਬਰ ‘ਤੇ ਹੈ। ਜਦਕਿ ਉੱਤਰ ਪ੍ਰਦੇਸ਼ ਦੇਸ਼ ਇਸ ਅੰਕੜੇ ਵਿੱਚ ਪਹਿਲੇ ਨੰਬਰ ‘ਤੇ ਆਉਂਦਾ ਹੈ। ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇੱਕ ਸਾਲ ਦੇ ਅੰਦਰ ਅੰਦਰ ਜੇਲ੍ਹਾਂ ਵਿੱਚ 117 ਮੌਤਾਂ ਹੋਈਆਂ ਜਦੋਂਕਿ 20 ਕਤਲ ਹੋਏ ਹਨ।
ਜੇਲ੍ਹਾਂ ਵਿੱਚੋਂ ਕੈਦੀਆਂ ਦੇ ਭੱਜਣ ਦੀ ਸਥਿਤੀ ਵਿੱਚ ਪੰਜਾਬ ਪੰਜਵੇਂ ਨੰਬਰ ‘ਤੇ ਆਉਂਦਾ ਹੈ। ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਇੱਕ ਸਾਲ ਦੇ ਅੰਦਰ ਕਰੀਬ 23 ਕੈਦੀ ਫਰਾਰ ਹੋਏ ਹਨ। ਇਸ ਦੇ ਨਾਲ ਹੀ ਜੇਲ੍ਹ ਦੇ ਅੰਦਰ ਕੁੱਟਮਾਰ ਦੇ ਮਾਮਲੇ ਵਿੱਚ 61 ਕੈਦੀ ਜ਼ਖਮੀ ਹੋਏ ਹਨ।
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜੇ ਮੁਤਾਬਕ ਪਿਛਲੇ ਤਿੰਨ ਸਾਲਾਂ ‘ਚ ਦੇਸ਼ ਅੰਦਰ ਜੇਲ੍ਹਾਂ ਦੀ ਸੰਖਿਆ 1361 ਤੋਂ ਘੱਟ ਕੇ 1350 ਰਹਿ ਗਈ ਹੈ। ਪਰ ਕੈਦੀਆਂ ਦੀ ਸੰਖਿਆ 4.50 ਲੱਖ ਤੋਂ ਵੱਧ ਕੇ 4.78 ਲੱਖ ਹੋ ਚੁੱਕੀ ਹੈ।
ਦੇਸ਼ ਵਿੱਚ ਕੁੱਲ 31 ਮਹਿਲਾ ਜੇਲ੍ਹਾਂ ਹਨ। ਜਿਨ੍ਹਾਂ ਵਿੱਚ 6511 ਮਹਿਲਾ ਕੈਦੀਆਂ ਨੂੰ ਰੱਖਿਆ ਗਿਆ ਹੈ। ਇਹ ਮਹਿਲਾ ਜੇਲ੍ਹਾਂ ਸਿਰਫ 15 ਸੂਬਿਆਂ ‘ਚ ਹੀ ਬਣਾਈਆਂ ਗਈਆਂ ਹਨ।