ਗੁਰਦਾਸਪੁਰ: ਇੱਥੋਂ ਦੇ ਭਗਵਾਨਪੁਰ ‘ਚ ਕਤਲ ਕੀਤੇ ਗਏ ਕਬੱਡੀ ਖਿਡਾਰੀ ਗੁਰਮੇਜ ਸਿੰਘ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਕਤਲ ਕਾਂਡ ਵਿੱਚ ਸ਼ਾਮਲ ਪੰਜ ਪੁਲਿਸ ਮੁਲਾਜ਼ਮਾਂ ਨੂੰ ਵਿਭਾਗ ‘ਚੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਬਟਾਲਾ ਪੁਲਿਸ ਨੇ ਕਾਰਵਾਈ ਕਰਦੇ ਹੋਏ 6 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਇਨ੍ਹਾਂ ਦੋਸ਼ੀਆਂ ਵਿੱਚੋਂ 5 ਪੁਲਿਸ ਮੁਲਾਜ਼ਮ ਵੀ ਸਨ।
30 ਅਗਸਤ ਨੂੰ ਕਬੱਡੀ ਖਿਡਾਰੀ ਗੁਰਮੇਜ ਸਿੰਘ ਦਾ ਭਗਵਾਨਪੁਰ ਵਿੱਚ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਡੀਜੀਪੀ ਦਿਨਕਰ ਗੁਪਤਾ ਨੇ ਸਖ਼ਤ ਹਦਾਇਤਾਂ ਦਿੱਤੀਆਂ ਕਿ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਇਸੇ ਤਹਿਤ ASI ਬਲਜੀਤ ਸਿੰਘ, ASI ਰਣਜੀਤ ਸਿੰਘ, ਹੌਲਦਾਰ ਬਲਕਾਰ ਸਿੰਘ, ਹੌਲਦਾਰ ਸੁਰਿੰਦਰਪਾਲ ਸਿੰਘ, ਹੌਲਦਾਰ ਅਵਤਾਰ ਸਿੰਘ ਨੂੰ ਬਰਖ਼ਾਸਤ ਕਰ ਦਿੱਤਾ ਗਿਆ।
ਦੱਸਣਯੋਗ ਹੈ ਕਿ ਐਤਵਾਰ ਰਾਤ ਨੂੰ ਪੁਲਿਸ ਮੁਲਾਜ਼ਮਾਂ ਦੀ ਰਸਤੇ ਵਿਚ ਗੱਡੀ ਓਵਰਟੇਕ ਕਰਨ ਨੂੰ ਲੈ ਕੇ ਗੁਰਮੇਜ ਦੀ ਭਾਬੀ ਅਮਰਪ੍ਰੀਤ ਕੌਰ ਨਾਲ ਤਕਰਾਰ ਹੋ ਗਈ ਸੀ। ਇਸੇ ਦੌਰਾਨ ਅਮਰਪ੍ਰੀਤ ਨੇ ਆਪਣੇ ਦਿਓਰ ਗੁਰਮੇਜ ਸਿੰਘ ਨੂੰ ਫ਼ੋਨ ਕੀਤਾ। ਜਿਹੜਾ ਤੁਰੰਤ ਮੌਕੇ ਤੇ ਪੁੱਜਾ ਜਦੋਂ ਉਹ ਨੌਜਵਾਨਾਂ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਤਕਰਾਰ ਇੰਨੀ ਵੱਧ ਗਈ ਕਿ ਉਨ੍ਹਾਂ ਨੌਜਵਾਨਾਂ ਨੇ ਗੁਰਮੇਜ ਨੂੰ ਗੋਲੀਆਂ ਨਾਲ ਭੁੰਨ ਦਿੱਤਾ, ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ।