ਚੰਡੀਗੜ੍ਹ : ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਵਿਧਾਇਕਾਂ ਦੇ ਹੋ ਰਹੇ ਕੋਵਿਡ-19 ਟੈਸਟ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਸਵਾਲ ਖੜ੍ਹੇ ਕੀਤੇ ਹਨ। ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਜਿਵੇਂ ਵਿਰੋਧੀ ਧਿਰ ਦੇ ਵਿਧਾਇਕਾਂ ਦੇ ਟੈਸਟ ਪਾਜ਼ਿਟਿਵ ਆ ਰਹੇ ਹਨ ਇਸ ਦੇ ਪਿੱਛੇ ਸਰਕਾਰ ਦੀ ਕੋਈ ਸਾਜ਼ਿਸ਼ ਤਾਂ ਨਹੀਂ ਹੈ?
ਇਸ ਸਬੰਧੀ ਅਮਨ ਅਰੋੜਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਬੀਤੇ ਦਿਨੀਂ ਐਮ.ਐਲ.ਏ ਹੋਸਟਲ ਚੰਡੀਗੜ੍ਹ ਵਿੱਚ ਕੋਰੋਨਾ ਜਾਂਚ ਕਰਵਾਈ ਸੀ। ਜਿਸ ਦੀ ਰਿਪੋਰਟ ਨੈਗਟਿਵ ਆਈ, ਪਰ ਇੱਕ ਘੰਟੇ ਬਾਅਦ ਮਨਜੀਤ ਬਿਲਾਸਪੁਰ ਨੂੰ ਕੋਰੋਨਾ ਪਾਜ਼ਿਟਿਵ ਦੱਸਿਆ ਜਾਂਦਾ।
ਇਸ ‘ਤੇ ਆਮ ਆਦਮੀ ਪਾਰਟੀ ਨੇ ਸਵਾਲ ਖੜ੍ਹੇ ਕੀਤੇ ਹਨ। ਅਮਨ ਅਰੋੜਾ ਨੇ ਕਿਹਾ ਕਿ ਅਕਾਲੀ ਦਲ ਦੇ ਵਿਧਾਇਕ ਗੁਰਪ੍ਰਤਾਪ ਬਡਾਲਾ ਦੀ ਰਿਪੋਰਟ ਵੀ ਪਾਜ਼ਿਟਿਵ ਦੱਸੀ ਗਈ। ਕੱਲ੍ਹ ਚੰਡੀਗੜ੍ਹ ਵਿੱਚ ਵਿਧਾਇਕ ਦਲ ਦੀ ਮੀਟਿੰਗ ਸੀ ਤੇ ਉਥੇ ਸਰਕਾਰ ਖਿਲਾਫ ਸਦਨ ‘ਚ ਘੇਰਨ ਦੀ ਰਣਨੀਤੀ ਤਿਆਰ ਕੀਤੀ ਜਾ ਰਹੀ ਸੀ। ਹੁਣ ਅਮਨ ਅਰੋੜਾ ਨੇ ਇਹ ਖਦਸ਼ਾ ਜ਼ਾਹਰ ਕੀਤਾ ਹੈ ਕਿ ਸਰਕਾਰ ਇਹ ਸਭ ਇੱਕ ਸਾਜ਼ਿਸ਼ ਤਹਿਤ ਤਾਂ ਨਹੀਂ ਕਰ ਰਹੀ ਕਿ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਸਦਨ ‘ਚੋਂ ਬਾਹਰ ਰੱਖਿਆ ਜਾਵੇ ਤਾਂ ਜੋ ਸੈਸ਼ਨ ਵਿੱਚ ਸਰਕਾਰ ਦੇ ਖਿਲਾਫ ਕੋਈ ਆਵਾਜ਼ ਨਾ ਉੱਠੇ?
ਅਮਨ ਅਰੋੜਾ ਨੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਅਕਾਲੀ ਦਲ ਦੇ ਵਿਧਾਇਕ ਗੁਰਪ੍ਰਤਾਪ ਬਡਾਲਾ ਨੂੰ ਪ੍ਰਾਈਵੇਟ ਲੈਬ ‘ਚੋਂ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਹੈ ਤਾਂ ਜੋ ਸਰਕਾਰੀ ਰਿਪੋਰਟਾਂ ਦਾ ਸੱਚ ਸਾਹਮਣੇ ਆ ਸਕੇ।