ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਵਧਣ ਦੇ ਨਾਲ ਹੀ ਸੂਬਾ ਸਰਕਾਰ ਵੱਡੇ ਕਦਮ ਚੁੱਕਣ ਦੀ ਤਿਆਰੀ ‘ਚ ਹੈ। ਲੁਧਿਆਣਾ, ਪਟਿਆਲਾ ਅਤੇ ਜਲੰਧਰ ਜ਼ਿਲ੍ਹਿਆਂ ਵਿੱਚ ਲਗਾਤਾਰ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਇਸ ਨੂੰ ਵੇਖਦੇ ਹੋਏ ਸਰਕਾਰ ਇੱਕ ਵਾਰ ਫਿਰ ਲਾਕਡਾਊਨ ਲਗਾਉਣ ‘ਤੇ ਵਿਚਾਰ ਕਰ ਰਹੀ ਹੈ। ਇਸ ਵਾਰੇ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਤਾ ਵਿੱਚ ਅੱਜ ਹੋ ਰਹੀ ਉੱਚ ਪੱਧਰੀ ਬੈਠਕ ਵਿੱਚ ਲਿਆ ਜਾ ਸਕਦਾ ਹੈ।
ਸਰਕਾਰ ਇਹ ਫੈਸਲਾ ਲੈਣ ਤੋਂ ਪਹਿਲਾਂ ਹਰ ਪਹਿਲੂ ‘ਤੇ ਵਿਚਾਰ ਕਰ ਰਹੀ ਹੈ। ਸਿਹਤ ਸਲਾਹਕਾਰ ਡਾ.ਕੇਕੇ ਅਨੁਸਾਰ ਸੂਬਾ ਇਸ ਸਮੇਂ ਹੈਲਥ ਵਾਰ ਦੇ ਦੌਰ ‘ਚੋਂ ਲੰਘ ਰਿਹਾ ਹੈ। ਲੁਧਿਆਣਾ ਦੀ ਹਾਲਤ ਇਸ ਸਮੇਂ ਸਭ ਤੋਂ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ।
ਅੰਕੜਿਆਂ ‘ਤੇ ਗੌਰ ਕਰੀਏ ਤਾਂ 12 ਤੋਂ 19 ਅਗਸਤ ਤੱਕ ਲੁਧਿਆਣਾ ਵਿੱਚ 2,377, ਜਲੰਧਰ ਵਿੱਚ 1,341 ਅਤੇ ਪਟਿਆਲਾ ਵਿੱਚ 1,219 ਨਵੇਂ ਕੋਰੋਨਾ ਪਾਜ਼ਿਟਿਵ ਕੇਸ ਸਾਹਮਣੇ ਆ ਚੁੱਕੇ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 17 ਅਗਸਤ ਨੂੰ ਸੰਕੇਤ ਦਿੱਤੇ ਸਨ ਕਿ ਹਾਲਾਤ ਨਾਂ ਸੁਧਰਣ ‘ਤੇ ਸਖ਼ਤ ਸੁਰੱਖਿਆ ਉਪਾਅ ਨੂੰ ਲੈ ਕੇ ਲਾਕਡਾਊਨ ਵਰਗਾ ਕਦਮ ਵੀ ਚੁੱਕਿਆ ਜਾ ਸਕਦਾ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਜੇਕਰ ਕੁੱਝ ਜ਼ਿਲ੍ਹਿਆਂ ਵਿੱਚ ਲਾਕਡਾਊਨ ਲਗਾਉਣਾ ਪਿਆ ਤਾਂ ਆਰਥਿਕਤਾ ਦੀ ਰਫ਼ਤਾਰ ਨਾਂ ਰੁਕੇ ਇਸ ਨੂੰ ਲੈ ਕੇ ਉਤਪਾਦਨ ਯੂਨਿਟਾਂ ‘ਤੇ ਰੋਕ ਨਹੀਂ ਲਗਾਈ ਜਾਵੇਗੀ।