ਮਾਲੀ : ਵਿਦਰੋਹੀਆਂ ਨੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਬਣਾਇਆ ਬੰਧਕ, ਬੰਦੂਕ ਦੀ ਨੋਕ ‘ਤੇ ਜ਼ਬਰੀ ਅਸਤੀਫਾ

TeamGlobalPunjab
2 Min Read

ਬਮਾਕੋ : ਪੱਛਮੀ ਅਫਰੀਕੀ ਦੇਸ਼ ਮਾਲੀ ਦੇ ਰਾਸ਼ਟਰਪਤੀ ਬਾਊਬਕਰ ਕੇਤਾ ਦੇ ਅਹੁਦੇ ਤੋਂ ਹਟਣ ਦੀ ਮੰਗ ਨੂੰ ਲੈ ਕੇ ਵਿਦਰੋਹੀਆਂ ਨੇ ਮੰਗਲਵਾਰ ਉਨ੍ਹਾਂ ਦੀ ਰਿਹਾਇਸ਼ ਦਾ ਘੇਰਾਓ ਕੀਤਾ। ਇਸ ਦੌਰਾਨ ਬਾਗੀ ਫੌਜੀਆਂ ਵੱਲੋਂ ਰਾਸ਼ਟਰਪਤੀ ਇਬਰਾਹਿਮ ਬਾਊਬਾਕਬਰ ਕੇਤਾ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਬਾਅਦ ਤਖ਼ਤਾਪਲਟ ਦੀਆਂ ਕੋਸ਼ਿਸ਼ਾਂ ਤਹਿਤ ਹਵਾ ‘ਚ ਗੋਲ਼ੀਬਾਰੀ ਕਰਦਿਆਂ ਬਾਗੀ ਫੌਜੀਆਂ ਵੱਲੋਂ ਪ੍ਰਧਾਨ ਮੰਤਰੀ ਬਾਬੋ ਸੀਸੇ ਨੂੰ ਵੀ ਬੰਧਕ ਬਣਾ ਲਿਆ ਗਿਆ। ਬਾਗੀ ਫੌਜੀ ਰਾਸ਼ਟਰਪਤੀ ਤੋਂ ਅਸਤੀਫੇ ਦੀ ਮੰਗ ਕਰ ਰਹੇ ਹਨ।

ਫਿਲਹਾਲ ਫੌਜ ਵੱਲੋਂ ਤਤਕਾਲ ਕੋਈ ਬਿਆਨ ਨਹੀਂ ਆਇਆ ਹੈ। ਇਸ ਸਬੰਧੀ ਖੇਤਰੀ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਮੰਗਲਵਾਰ ਬੰਧਕ ਬਣਾ ਲਿਆ ਗਿਆ ਹੈ। ਦਰਅਸਲ ਮੰਗਲਵਾਰ ਦੀ ਸਵੇਰ ਵਿਦਰੋਹੀਆਂ ਨੇ ਰਾਜਧਾਨੀ ਬਮਾਕੋ ਨੇੜੇ ਇੱਕ ਫੌਜੀ ਕੈਂਪ ‘ਤੇ ਫਾਇਰਿੰਗ ਕਰਨ ਤੋਂ ਬਾਅਦ ਸ਼ਹਿਰ ਦੀ ਸਰਕਾਰੀ ਇਮਾਰਤਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ਤੋਂ ਬਾਅਦ ਸਰਕਾਰ ਤੋਂ ਬਾਗੀ ਹੋਏ ਫੌਜੀਆਂ ਨੇ ਆਪਣੇ ਸੀਨੀਅਰ ਕਮਾਂਡਰਾਂ ਨੂੰ ਬੰਧਕ ਬਣਾ ਲਿਆ ਤੇ ਕਾਤੀ ਫੌਜੀ ਕੈਂਪ ‘ਤੇ ਕਬਜ਼ਾ ਕਰ ਲਿਆ।

ਅਫਰੀਕੀ ਸੰਤ ਤੇ ਸਥਾਨਕ ਸਮੂਹ ਈਕੋਵਾਸ ਨੇ ਇਸ ਬਗਾਵਤ ਦੀ ਸਖਤ ਨਿਖੇਧੀ ਕੀਤੀ ਹੈ। ਪ੍ਰਧਾਨ ਮੰਤਰੀ ਬੌਬੋਊ ਸਿੱਸੇ ਨੇ ਫੌਜ ਨੂੰ ਆਪਣੇ ਹਥਿਆਰ ਸੁੱਟਣ ਦੀ ਅਪੀਲ ਕੀਤੀ ਤੇ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਦੇਸ਼ ਹਿੱਤ ‘ਚ ਸੋਚਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ਅਜਿਹੀ ਕੋਈ ਸਮੱਸਿਆ ਨਹੀਂ ਹੈ ਜਿਸ ਦਾ ਹੱਲ ਗੱਲਬਾਤ ਜ਼ਰੀਏ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਕ ਦਿਨ ਪਹਿਲਾਂ ਹਥਿਆਰਬੰਦ ਲੋਕਾਂ ਨੇ ਦੇਸ਼ ਦੇ ਵਿੱਤ ਮੰਤਰੀ ਅਬਦੁਲਾਏ ਦਫੇ ਸਮੇਤ ਅਧਿਕਾਰੀਆਂ ਨੂੰ ਹਿਰਾਸਤ ‘ਚ ਲੈ ਲਿਆ ਸੀ।

Share this Article
Leave a comment