ਚੰਡੀਗੜ੍ਹ: ਬਲਵੰਤ ਸਿੰਘ ਮੁਲਤਾਨੀ ਅਗਵਾ ਮਾਮਲੇ ‘ਚ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀਆਂ ਮੁਸ਼ਕਿਲਾਂ ਹੋਰ ਵੱਧ ਸਕਦੀਆਂ ਹਨ। ਦਰਅਸਲ, ਇਸ ਮਾਮਲੇ ‘ਚ ਉਸ ਦੇ ਦੋ ਪੁਰਾਣੇ ਸਾਥੀ ਪੁਲਿਸ ਮੁਲਾਜ਼ਮ ਵਾਅਦਾ ਮੁਆਫ਼ ਗਵਾਹ ਬਣ ਗਏ ਹਨ।
ਇਹ ਜਾਣਕਾਰੀ ਦਿੰਦਿਆਂ ਪੀੜਤ ਧਿਰ ਦੇ ਵਕੀਲ ਪ੍ਰਦੀਪ ਵਿਰਕ ਨੇ ਦੱਸਿਆ ਕਿ ਦੋਨੋਂ ਵਾਅਦਾ ਮਾਫ਼ ਗਵਾਹਾਂ ਨੇ ਐਸਏਐਸ ਨਗਰ ਮੁਹਾਲੀ ਐਡਿਸ਼ਨਲ ਸੈਸ਼ਨ ਜੱਜ ਦੀ ਅਦਾਲਤ ਵਿੱਚ ਬਿਆਨ ਦਰਜ ਕਰਵਾ ਦਿੱਤੇ ਹਨ।
ਉਨ੍ਹਾਂ ਆਪਣੇ ਬਿਆਨਾਂ ਵਿੱਚ ਦੱਸਿਆ ਕਿ 1991 ਵਿੱਚ ਸੁਮੇਧ ਸੈਣੀ ’ਤੇ ਹੋਏ ਬੰਬ ਧਮਾਕੇ ਤੋਂ ਬਾਅਦ ਵਿਸ਼ੇਸ਼ ਤਲਾਸ਼ੀ ਅਭਿਆਨ ਚਲਾਇਆ ਗਿਆ ਸੀ। ਇਸ ਦੌਰਾਨ ਬਲਵੰਤ ਸਿੰਘ ਮੁਲਤਾਨੀ ਨੂੰ ਸੈਣੀ ‘ਤੇ ਕਹਿਣ ’ਤੇ ਮੁਹਾਲੀ ਸਥਿਤ ਉਸ ਦੇ ਘਰੋਂ ਚੁੱਕ ਕੇ ਸੈਕਟਰ 17 ਦੇ ਥਾਣੇ ਵਿੱਚ ਲਿਆਂਦਾ ਗਿਆ, ਜਿਥੇ ਉਨ੍ਹਾਂ ‘ਤੇ ਤਸ਼ੱਦਦ ਢਾਹਿਆ ਗਿਆ। ਮੁਲਤਾਨੀ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਨੂੰ ਟਿਕਾਣੇ ਲਗਾਇਆ ਗਿਆ ਅਤੇ ਪੁਲਿਸ ਨੇ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਗੁਰਦਾਸਪੁਰ ਜ਼ਿਲ੍ਹੇ ਦੇ ਕਾਦੀਆ ਥਾਣੇ ਵਿੱਚ ਝੂਠਾ ਕੇਸ ਦਰਜ ਕਰਕੇ ਇਹ ਦਰਸਾਇਆ ਗਿਆ ਕਿ ਮੁਲਤਾਨੀ ਪੁਲਿਸ ਹਿਰਾਸਤ ‘ਚੋਂ ਭੱਜ ਗਿਆ ਹੈ।
ਦਸ ਦਈਏ ਮੁਲਤਾਨੀ ਦੇ ਅਗਵਾ ਹੋਣ ਦੇ ਮਾਮਲੇ ‘ਚ ਸੈਣੀ ਸਣੇ ਛੇ ਹੋਰ ਖ਼ਿਲਾਫ਼ ਮੁਹਾਲੀ ਜ਼ਿਲ੍ਹੇ ਦੇ ਮਟੌਰ ਥਾਣੇ ’ਚ 6 ਮਈ ਨੂੰ ਕੇਸ ਦਰਜ ਕੀਤਾ ਗਿਆ ਸੀ।