ਚੰਡੀਗੜ੍ਹ (ਅਵਤਾਰ ਸਿੰਘ): ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿੱਚ ਅੱਜ ਭਾਰਤ ਦਾ 74ਵਾਂ ਆਜ਼ਾਦੀ ਦਿਹਾੜਾ ਸਾਦਗੀ ਨਾਲ ਮਨਾਇਆ ਗਿਆ। ਕੋਵਿਡ-19 ਦੇ ਮੱਦੇਨਜ਼ਰ ਬਹੁਤ ਸਰਲ ਅੰਦਾਜ਼ ਵਿਚ ਕੀਤੇ ਇਸ ਸਮਾਗਮ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਪਦਮਸ੍ਰੀ ਐਵਾਰਡੀ ਨੇ ਕੀਤੀ। ਡਾ ਢਿੱਲੋਂ ਨੇ ਆਪਣਾ ਸੰਦੇਸ਼ ਵੀ ਜ਼ੂਮ ਐਪ ਉੱਪਰ ਹੀ ਦਿੱਤਾ। ਉਨ੍ਹਾਂ ਆਪਣੇ ਵਿਸ਼ੇਸ਼ ਮੁਬਾਰਕ ਸੰਦੇਸ਼ ਵਿੱਚ ਡਾ. ਢਿੱਲੋਂ ਨੇ ਸਮੁੱਚੇ ਰਾਸ਼ਟਰ, ਕਿਸਾਨੀ ਸਮਾਜ, ਪੀਏਯੂ ਦੇ ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ 74ਵੇਂ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕੋਵਿਡ ਦੀ ਭਿਆਨਕ ਮਹਾਂਮਾਰੀ ਦੇ ਬਾਵਜੂਦ ਖੇਤੀ ਦੇ ਕਾਰਜ ਜਾਰੀ ਰਹਿਣੇ ਹਨ,ਪਰ ਇਸ ਦੇ ਨਾਲ ਹੀ ਜ਼ਰੂਰੀ ਸਾਵਧਾਨੀਆਂ ਵਰਤ ਕੇ ਆਪਣੇ ਆਪ ਨੂੰ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਹੈ।
ਡਾ.ਢਿੱਲੋਂ ਨੇ ਸੰਕਟ ਕਾਲ ਦਾ ਸਾਹਮਣਾ ਕਰਨ ਲਈ ਇਤਿਹਾਸ ਤੋਂ ਪ੍ਰੇਰਨਾ ਲੈਣ ਲਈ ਵਿਦਿਆਰਥੀਆਂ ਨੂੰ ਕਿਹਾ। ਡਾ ਢਿੱਲੋਂ ਨੇ ਕਿਹਾ ਕਿ ਵਿਦਿਆਰਥੀ ਹੋਰ ਮਿਹਨਤ ਅਤੇ ਲਗਨ ਨਾਲ ਆਪਣੇ ਖੇਤਰ ਵਿਚ ਜਾਣਕਾਰੀ ਹਾਸਿਲ ਕਰਨ ਲਈ ਤਤਪਰ ਰਹਿਣ। ਉਨ੍ਹਾਂ ਨੇ ਕਿਸਾਨੀ ਸਮਾਜ ਵਲੋਂ ਝੋਨੇ ਦੀ ਲਵਾਈ ਲਈ ਅਖਤਿਆਰ ਕੀਤੇ ਨਵੇਂ ਤਰੀਕਿਆਂ ਦਾ ਵਿਸ਼ੇਸ਼ ਜ਼ਿਕਰ ਕੀਤਾ। ਡਾ ਢਿੱਲੋਂ ਨੇ ਕਿਹਾ ਕਿ ਕਿਸਾਨ ਵੀ ਵਿਗਿਆਨੀ ਹੀ ਹੁੰਦਾ ਹੈ ਜੋ ਵਿਗਿਆਨ ਦੇ ਸਿਧਾਂਤਾਂ ਨੂੰ ਖੇਤ ਵਿਚ ਲਾਗੂ ਕਰਕੇ ਬਿਹਤਰ ਨਤੀਜੇ ਤਕ ਪਹੁੰਚਾਉਂਦਾ ਹੈ। ਕਿਸਾਨ ਤਾਂ ਸਦਾ ਹੀ ਵਿਗਿਆਨੀ ਤੋਂ ਸਿੱਖਦਾ ਹੈ ਵਿਗਿਆਨੀ ਨੂੰ ਵੀ ਕਿਸਾਨ ਕੋਲੋਂ ਸੇਧ ਲੈਣ ਲਈ ਤਿਆਰ ਰਹਿਣਾ ਚਾਹੀਦਾ ਹੈ। ਡਾ ਢਿੱਲੋਂ ਨੇ ਖੇਤੀ ਖੇਤਰ ਦੇ ਖੋਜੀਆਂ ਅਤੇ ਵਿਗਿਆਨੀਆਂ ਨੂੰ ਕਿਸਾਨਾਂ ਨਾਲ ਹੋਰ ਨੇੜਲੇ ਸੰਬੰਧ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਜ਼ਾਦੀ ਮਗਰੋਂ ਹੋਰ ਖੇਤਰਾਂ ਵਾਂਗ ਖੇਤੀਬਾੜੀ ਖੇਤਰ ਦੀ ਤਰੱਕੀ ਵਿੱਚ ਵੀ ਪੰਜਾਬ ਨੇ ਅਹਿਮ ਯੋਗਦਾਨ ਪਾਇਆ। ਦੇਸ਼ ਨੂੰ ਅੰਨ ਦੀ ਤੰਗੀ ਵਿੱਚੋਂ ਕੱਢਿਆ। ਪਰ ਹੁਣ ਸਾਨੂੰ ਵਾਤਾਵਰਨ ਅਤੇ ਪਾਣੀ ਦੀ ਸੰਭਾਲ ਵਰਗੀਆਂ ਵੰਗਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਣੀ ਦਾ ਹੋ ਰਿਹਾ ਖਾਤਮਾ ਅਤੇ ਫਸਲਾਂ ਦੀ ਰਹਿੰਦ ਖੂੰਹਦ ਦੀ ਸੰਭਾਲ ਗੰਭੀਰ ਮੁੱਦੇ ਹਨ। ਵਾਤਾਵਰਨ ਦੀ ਸੰਭਾਲ ਲਈ ਵਿਦਿਆਰਥੀਆਂ ਨੂੰ ਅੱਗੇ ਆ ਕੇ ਸਮਾਜ ਨੂੰ ਜਾਗਰੂਕ ਕਰਨਾ ਪਵੇਗਾ।
ਇਸ ਤੋ ਪਹਿਲਾਂ ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਵਾਈਸ ਚਾਂਸਲਰ, ਅਫਸਰ ਸਾਹਿਬਾਨ, ਫੈਕਲਟੀ ਅਤੇ ਵਿਦਿਆਰਥੀਆਂ ਦਾ ਸੁਆਗਤ ਕਰਦਿਆਂ ਸਭ ਨੂੰ ਅਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਸਮਾਜਿਕ ਅਤੇ ਆਰਥਿਕ ਬਰਾਬਰੀ ਹੀ ਅਜ਼ਾਦੀ ਦਾ ਅਸਲ ਮਕਸਦ ਹੈ। ਸਮਾਜਿਕ ਕੁਰੀਤੀਆਂ ਬਰਾਬਰਤਾ ਦੇ ਰਾਹ ਵਿੱਚ ਬਹੁਤ ਵੱਡਾ ਰੋੜਾ ਹਨ ਅਤੇ ਇਹਨਾਂ ਦੇ ਖਾਤਮੇ ਲਈ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ। ਡਾ ਧਾਲੀਵਾਲ ਨੇ ਕੋਵਿਡ ਦੇ ਸਮੇਂ ਵਿਚ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਮਾਜ ਵਿਚ ਜਾਗਰੂਕਤਾ ਫੈਲਾਉਣ ਦੀ ਅਪੀਲ ਕੀਤੀ।
ਅੰਤ ਵਿਚ ਧੰਨਵਾਦ ਦੇ ਸ਼ਬਦ ਭਲਾਈ ਅਧਿਕਾਰੀ ਪ੍ਰਭਜੀਤ ਕੌਰ ਨੇ ਕਹੇ। ਇਸ ਮੌਕੇ ਪੀ ਏ ਯੂ ਦੇ ਰਜਿਸਟਰਾਰ ਡਾ ਰਾਜਿੰਦਰ ਸਿੰਘ ਸਿੱਧੂ, ਡੀਨ ਪੋਸਟਗ੍ਰੈਜੂਏਟ ਸਟੱਡੀਜ਼ ਡਾ ਗੁਰਿੰਦਰ ਕੌਰ ਸੰਘਾ, ਡੀਨ ਖੇਤੀਬਾੜੀ ਕਾਲਜ ਡਾ ਕੇ ਐੱਸ ਥਿੰਦ, ਡੀਨ ਖੇਤੀ ਇੰਜਨੀਰਿੰਗ ਕਾਲਜ ਡਾ ਅਸ਼ੋਕ ਕੁਮਾਰ, ਡੀਨ ਬਾਗਬਾਨੀ ਕਾਲਜ ਡਾ ਐੱਮ ਆਈ ਐੱਸ ਗਿੱਲ, ਡੀਨ ਕਮਿਊਨਿਟੀ ਸਾਇੰਸ ਕਾਲਜ ਡਾ ਸੰਦੀਪ ਬੈਂਸ ਹਾਜ਼ਿਰ ਸਨ।