ਮੁਹਾਲੀ: ਮਟੌਰ ਪੁਲਿਸ ਨੇ ਮੰਗਲਵਾਰ ਰਾਤ ਮੁਹਾਲੀ ‘ਚ ਮਸ਼ਹੂਰ ਪੰਜਾਬੀ ਗਾਇਕ ਆਰ ਨੇਤ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਂਠ 20 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇਤਰਾਮ ਉਰਫ ਆਰਨੇਤ ਮਾਨਸਾ ਦੇ ਰਹਿਣ ਵਾਲੇ ਹਨ ਅਤੇ ਇਸ ਸਮੇਂ ਸੈਕਟਰ-70 ਵਿੱਚ ਹੋਮਲੈਂਡ ਹਾਈਟਸ ਵਿੱਚ ਰਹਿ ਰਹੇ ਹਨ। ਮੁਲਜ਼ਮਾਂ ਦੀ ਪਹਿਚਾਣ ਅਰਮਾਨ, ਸ਼ਰਨ, ਮਾਹੀ, ਜੋਬਨ, ਸਹਿਜਲ, ਮੰਗਲ ਵਜੋਂ ਹੋਈ ਹੈ। ਇਸ ਤੋਂ ਇਲਾਵਾ 10-15 ਅਣਪਛਾਤੇ ਲੋਕਾਂ ਦੇ ਖਿਲਾਫ ਵੀ ਮਾਮਲਾ ਦਰਜ ਹੈ।
ਆਰ ਨੇਤ ਨੇ ਮਟੌਰ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੇ ਇੱਕ ਪੰਜਾਬੀ ਗਾਣੇ ਦੀ ਵੀਡੀਓ ਸ਼ੂਟ ਕੀਤੀ ਸੀ ਅਤੇ ਓਵਰ ਚਾਰਚਿੰਗ ਦੇ ਮੁੱਦੇ ‘ਤੇ ਦੋਵਾਂ ਪੱਖਾਂ ਵਿੱਚ ਲੜਾਈ ਹੋਈ। ਇਸ ਦੌਰਾਨ ਮੁਲਜ਼ਮਾਂ ਨੇ ਉਸ ਦੇ ਸੈਕਟਰ-70 ਸਥਿਤ ਹੋਮ ਲੈਂਡ ਹਾਈਟਸ ਵਿੱਚ ਦਾਖਲ ਹੋ ਕੇ ਹਮਲਾ ਕਰ ਦਿੱਤਾ ਅਤੇ ਉਸ ਦੇ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਮੁਲਜ਼ਮਾਂ ਨੇ ਗਾਇਕ ਦੇ ਦੋਸਤ ਬੀਰ ਇੰਦਰ ‘ਤੇ ਵੀ ਹਮਲਾ ਕਰ ਦਿੱਤਾ ਅਤੇ ਕੁਟਮਾਰ ਦੌਰਾਨ ਉਸ ਦੀ ਦਸਤਾਰ ਦੀ ਵੀ ਬੇਅਦਬੀ ਕੀਤੀ, ਜਿਸ ਨਾਲ ਉਸਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਏਐਸਆਈ ਜਸਪਾਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਸੀਸੀਟੀਵੀ ਫੁਟੇਜ ਦੇਖੀ ਜਾ ਰਹੀ ਹੈ ਅਤੇ ਹੁਣ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਖਿਲਾਫ ਧਾਰਾ 295ਏ, 323, 452, 506, 149, 120 ਬੀ ਦੇ ਤਹਿਤ ਥਾਣਾ ਮਟੌਰ ‘ਚ ਮਾਮਲਾ ਦਰਜ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ ।