ਗੁਲਦਾਉਦੀ ਉਗਾਉ ਅਤੇ ਮੁਨਾਫ਼ਾ ਪਾਉ

TeamGlobalPunjab
9 Min Read

-ਮਧੂ ਬਾਲਾ

ਪਿਛਲੇ ਕੁਝ ਸਾਲਾਂ ਵਿੱਚ ਸ਼ਹਿਰਾਂ ਦੇ ਆਲੇ-ਦੁਆਲੇ ਦੇ ਕਿਸਾਨ ਵਪਾਰਕ ਤੌਰ ‘ਤੇ ਫੁੱਲਾਂ ਦੀ ਖੇਤੀ ਨੂੰ ਅਪਣਾ ਰਹੇ ਹਨ। ਇਹਨਾਂ ਫੁੱਲਾਂ ਦੀ ਵਰਤੋਂ ਸਾਡੇ ਸਮਾਜਿਕ ਅਤੇ ਧਾਰਮਿਕ ਕਾਰਜਾਂ ਵਿੱਚ ਅੱਜ-ਕੱਲ ਬਹੁਤ ਆਮ ਹੋ ਗਈ ਹੈ। ਜਿਸ ਕਾਰਨ ਦਿਨ-ਬ-ਦਿਨ ਫੁੱਲਾਂ ਦੀ ਮੰਗ ਵਧਦੀ ਜਾ ਰਹੀ ਹੈ। ਪਿਛਲੇ ਦਸ ਸਾਲਾਂ ਦੌਰਾਨ ਪੰਜਾਬ ਵਿੱਚ ਫੁੱਲਾਂ ਹੇਠ ਰਕਬਾ ਲਗਭਗ ਦੁੱਗਣਾ ਹੋ ਗਿਆ ਹੈ। ਸਾਡੇ ਕਿਸਾਨ ਵੀਰਾਂ ਦਾ ਰੁਝਾਨ ਫੁੱਲਾਂ ਦੀ ਕਾਸ਼ਤ ਵੱਲ ਵੱਧ ਰਿਹਾ ਹੈ। ਫੁੱਲਾਂ ਦੀ ਕਾਸ਼ਤ ਨਾਲ ਹੋਰ ਫ਼ਸਲਾਂ ਦੇ ਮੁਕਾਬਲੇ ਜ਼ਿਆਦਾ ਮੁਨਾਫਾ ਲਿਆ ਜਾ ਸਕਦਾ ਹੈ। ਗੁਲਦਾਉਦੀ ਇਕ ਅਜਿਹੀ ਫ਼ਸਲ ਹੈ ਜਿਸ ਦੀਆਂ ਕਲਮਾਂ ਬਣਾ ਕੇ ਅਤੇ ਗਮਲੇ ਤਿਆਰ ਕਰਕੇ ਵੇਚਣ ਨਾਲ ਚੰਗਾ ਮੁਨਾਫ਼ਾ ਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਖੇਤਾਂ ਵਿੱਚ ਲਗਾਉਣ ਵਾਲੀਆਂ ਕਿਸਮਾਂ ਦੇ ਫੁੱਲ ਖਿੜਣ ਤੇ ਤੋੜ ਕੇ ਮੰਡੀਆਂ ਵਿੱਚ ਵੇਚ ਕੇ ਚੰਗੀ ਆਮਦਨ ਲਈ ਜਾ ਸਕਦੀ ਹੈ। ਸ਼ੁਰੁਆਤੀ ਦੌਰ ਵਿੱਚ ਕਲਮਾਂ ਨੂੰ ਬਣਾ ਕੇ ਵੀ ਮੁਨਾਫਾ ਕਮਾਇਆ ਜਾ ਸਕਦਾ ਹੈ। ਆਮ ਤੌਰ ‘ਤੇ ਇਹ ਕਲਮਾਂ 8-10 ਰੁਪਏ / ਕਲਮ ਦੇ ਹਿਸਾਬ ਨਾਲ ਵੇਚੀਆਂ ਜਾਂਦੀਆਂ ਹਨ। ਗੁਲਦਾਉਦੀ ਦੇ ਗਮਲੇ ਤਿਆਰ ਕਰਕੇ 100-400 ਰੁਪਏ ਪ੍ਰਤੀ ਗਮਲਾ ਦੇ ਹਿਸਾਬ ਨਾਲ ਵੇਚੇ ਜਾ ਸਕਦੇ ਹਨ। ਇਸੇ ਤਰ੍ਹਾਂ 1000 ਗਮਲੇ ਵੇਚ ਕੇ ਤਕਰੀਬਨ 1-2 ਲੱਖ ਰੁਪਏ ਦੀ ਆਮਦਨ ਲਈ ਜਾ ਸਕਦੀ ਹੈ। ਇਸ ਤੋਂ ਬਿਨ੍ਹਾਂ ਡੰਡੀ ਰਹਿਤ ਕਿਸਮਾਂ ਦੇ ਫੁੱਲ ਖਿੜਣ ਤੇ ਤੋੜ ਕੇ ਮੰਡੀਆਂ ਵਿੱਚ ਵੇਚ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ 1.5-2.0 ਲੱਖ ਰੁਪਏ ਦੀ ਆਮਦਨ ਲਈ ਜਾ ਸਕਦੀ ਹੈ।

ਗੁਲਦਾਉਦੀ ਇੱਕ ਅਜਿਹਾ ਖ਼ੂਬਸੂਰਤ ਫੁੱਲ ਹੈ ਜੋ ਕਿ ਵੱਖ-ਵੱਖ ਰੰਗਾਂ, ਕਿਸਮਾਂ ਅਤੇ ਮੰਤਵਾਂ ਲਈ ਪੂਰੇ ਵਿਸ਼ਵ ਭਰ ਵਿੱਚ ਪ੍ਰਸਿੱਧ ਹੈ। ਵਿਸ਼ਵ ਪੱਧਰ ਤੇ ਇਸ ਫੁੱਲ ਦੀ ਮੰਗ ਲੋੜ ਮੁਤਾਬਕ ਦੂਸਰੇ ਨੰਬਰ ਤੇ ਆਉਂਦੀ ਹੈ। ਇਸ ਫੁੱਲ ਦੀ ਖੂਬਸੂਰਤੀ ਦਾ ਜਿਕਰ ਪੰਜਾਬੀ ਦੇ ਮਹਾਨ ਕਵੀ ਭਾਈ ਵੀਰ ਸਿੰਘ ਜੀ ਦੀਆਂ ਰਚਨਾਵਾਂ ਵਿੱਚ ਵੀ ਦੇਖਿਆ ਜਾ ਸਕਦਾ ਹੈ। ਹੋਰਨਾਂ ਫੁੱਲਾਂ ਦੇ ਮੁਕਾਬਲੇ ਇਹ ਇੱਕ ਅਜਿਹੀ ਫ਼ਸਲ ਹੈ ਜਿਸ ਵਿੱਚ ਬਹੁਤ ਜ਼ਿਆਦਾ ਭਿੰਨਤਾ ਪਾਈ ਜਾਂਦੀ ਹੈ ਚਾਹੇ ਉਹ ਫੁੱਲਾਂ ਦਾ ਅਕਾਰ, ਰੰਗ, ਕਿਸਮ ਅਤੇ ਮੰਤਵ ਹੀ ਕਿਉਂ ਨਾ ਹੋਵੇ। ਗੁਲਦਾਉਦੀ ਦੇ ਫੁੱਲ ਆਮ ਤੌਰ ਤੇ ਨਵੰਬਰ ਤੋਂ ਦਸੰਬਰ ਮਹੀਨੇ ਵਿੱਚ ਖਿੜਦੇ ਹਨ। ਇਹ ਫੁੱਲ ਆਮ ਲੋਕਾਂ ਵਿੱਚ ਹਰਮਨ ਪਿਆਰਾ ਹੋਣ ਕਰਕੇ ਦਸੰਬਰ ਦੇ ਮਹੀਨੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚ ‘ਗੁਲਦਾਉਦੀ ਸ਼ੋਅ’ ਵੀ ਕਰਵਾਏ ਜਾਂਦੇ ਹਨ। ਪੀ.ਏ.ਯੂ. ਲੁਧਿਆਣਾ ਰਾਹੀਂ ਵੀ ਦਸੰਬਰ ਦੇ ਪਹਿਲੇ ਹਫ਼ਤੇ ਵਿੱਚ ਇਹ ਸ਼ੋਅ ਲਗਾਇਆ ਜਾਂਦਾ ਹੈ ਜੋ ਕਿ ਆਮ ਲੋਕਾਂ, ਕਿਸਾਨਾਂ, ਫੁੱਲ ਉਗਾਉਣ ਵਾਲਿਆਂ ਲਈ ਖ਼ਾਸ ਖਿੱਚ ਦਾ ਕੇਂਦਰ ਬਣਦਾ ਹੈ।

ਇਸ ਸ਼ੋਅ ਦੌਰਾਨ ਫੁੱਲ ਪ੍ਰੇਮੀ ਇਹਨਾਂ ਫੁੱਲਾਂ ਦਾ ਅਨੰਦ ਵੀ ਮਾਣਦੇ ਹਨ ਅਤੇ ਫੁੱਲਾਂ ਦੇ ਗਮਲੇ ਵੀ ਖਰੀਦਦੇ ਹਨ। ਗੁਲਦਾਉਦੀ ਨੂੰ ਮੁੱਖ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ, ਵੱਡੇ ਫੁੱਲਾਂ ਵਾਲੀਆਂ ਕਿਸਮਾਂ (ਜਾਪਾਨੀ-ਸਟੈਂਡਰਡ) ਅਤੇ ਛੋਟੇ ਫੁੱਲਾਂ ਵਾਲੀਆਂ ਕਿਸਮਾਂ (ਕੋਰੀਅਨ-ਸਪ੍ਰੇ)। ਗੁਲਦਾਉਦੀ ਦੇ ਫੁੱਲ ਭਾਵੇਂ ਨਵੰਬਰ-ਦਸੰਬਰ ਵਿੱਚ ਖਿੜਦੇ ਹਨ ਪਰ ਜੂਨ-ਜੁਲਾਈ ਦੇ ਮਹੀਨੇ ਵਿੱਚ ਕਲਮਾਂ ਦੀ ਤਿਆਰੀ ਦਾ ਕੰਮ ਸ਼ੁਰੂ ਕੀਤਾ ਜਾਂਦਾ ਹੈ। ਇਹਨਾਂ ਕਲਮਾਂ ਨੂੰ ਮੌਸਮ ਅਤੇ ਹਵਾ ਵਿਚ ਨਮੀ ਦੀ ਮਾਤਰਾ ਅਨੁਸਾਰ ਅੱਧ ਜੂਨ ਤੋਂ ਜੁਲਾਈ ਦੇ ਅੰਤ ਤੱਕ ਸਿਰਿਆਂ ਦੀਆਂ 5-7 ਸੈ:ਮੀ: ਕਲਮਾਂ ਲੈ ਕੇ ਰੇਤਾ ਜਾਂ ਫਿਰ ਝੋਨੇ ਦੀ ਸੜੀ ਹੋਈ ਫੱਕ ਵਿੱਚ ਲਗਾਇਆ ਜਾਂਦਾ ਹੈ ਅਤੇ ਕਿਸੇ ਠੰਡੀ ਥਾਂ ਜਾਂ ਛਾਂ-ਦਾਰ ਜਾਲੀ ਹੇਠਾ ਰੱਖਿਆ ਜਾਂਦਾ ਹੈ। ਦਿਨ ਵਿੱਚ ਦੋ ਵਾਰ ਪਾਣੀ ਦੇਣ ਨਾਲ ਨਮੀ ਬਰਕਰਾਰ ਰਹਿੰਦੀ ਹੈ ਅਤੇ 15-20 ਦਿਨਾਂ ਬਾਅਦ ਇਹਨਾਂ ਕਲਮਾਂ ਵਿੱਚ ਜੜ੍ਹਾਂ ਬਣ ਜਾਂਦੀਆਂ ਹਨ।ਮਧਰੀਆਂ ਕਿਸਮਾਂ ਦੀਆਂ ਜੜ੍ਹਦਾਰ ਕਲਮਾਂ ਗਮਲਿਆਂ ਵਿੱਚ ਅਗਸਤ ਦੇ ਪਹਿਲੇ ਹਫ਼ਤੇ ਤੋਂ ਮੱਧ ਤੱਕ ਲਗਾਈਆਂ ਜਾਂਦੀਆਂ ਹਨ ਅਤੇ ਇਹਨਾਂ ਦੀ ਚੰਗੀ ਦੇਖਭਾਲ ਕੀਤੀ ਜਾਂਦੀ ਹੈ ਤਾਂ ਜੋ ਗਮਲਾ ਭਰਵਾਂ ਬਣੇ ਅਤੇ ਚੰਗੀ ਕੀਮਤ ਤੇ ਵੇਚਿਆ ਜਾ ਸਕੇ। 8 ਇੰਚ ਦੇ ਗਮਲੇ ਵਿੱਚ ਸਟੈਂਡਰਡ ਕਿਸਮਾਂ ਦੀ ਇੱਕ ਕਲਮ ਅਤੇ ਸਪ੍ਰੇ ਕਿਸਮਾਂ ਦੀਆਂ 3 ਕਲਮਾਂ ਲਗਾ ਕੇ ਬਹੁਤ ਵਧੀਆ ਗਮਲੇ ਤਿਆਰ ਕੀਤੇ ਜਾ ਸਕਦੇ ਹਨ। ਕੁਝ ਕਿਸਮਾਂ ਡੰਡੀਦਾਰ ਅਤੇ ਡੰਡੀ ਰਹਿਤ ਫੁੱਲਾਂ ਦੇ ਉਤਪਾਦਨ ਲਈ ਵਰਤੀਆਂ ਜਾਂਦੀਆਂ ਹਨ । ਜਿਨ੍ਹਾਂ ਦੀ ਵਰਤੋਂ ਜਿਵੇਂ ਕਿ ਡੰਡੀਦਾਰ ਕਿਸਮਾਂ, ਗੁਲਦਸਤੇ ਬਣਾਉਣ ਵਿਚ ਅਤੇ ਡੰਡੀ ਰਹਿਤ ਕਿਸਮਾਂ ਦੀ ਵਰਤੋਂ ਹਾਰ ਬਣਾਉਣ ਅਤੇ ਪੱਤੀਆਂ ਵਿੱਚ ਕੀਤੀ ਜਾਂਦੀ ਹੈ।ਚੰਗਾ ਝਾੜ ਅਤੇ ਵਧੀਆ ਗਮਲੇ ਤਿਆਰ ਕਰਨ ਲਈ ਸਾਨੂੰ ਕਲਮਾਂ ਤਿਆਰ ਕਰਨ ਤੋਂ ਲੈ ਕੇ, ਮਿੱਟੀ ਦੇ ਖ਼ੁਰਾਕੀ ਤੱਤ, ਖਾਦਾਂ, ਪਾਣੀ ਅਤੇ ਹੋਰ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਹੈ। ਚੰਗਾ ਮੁਨਾਫਾ ਲੈਣ ਲਈ ਪੌਦਿਆਂ ਦੀ ਚੰਗੀ ਦੇਖ-ਭਾਲ ਬਹੁਤ ਜਰੂਰੀ ਹੁੰਦੀ ਹੈ। ਪੌਦਿਆਂ ਦੇ ਸਹੀ ਵਾਧੇ ਲਈ 2 ਹਿੱਸੇ ਮਿੱਟੀ, 1 ਹਿੱਸਾ ਰੇਤ, 1 ਹਿੱਸਾ ਪੱਤਿਆਂ ਵਾਲੀ ਖਾਦ ਜਾਂ 1 ਹਿੱਸਾ ਗਲੀ ਸੜੀ ਰੂੜੀ ਖਾਦ ਨਾਲ ਗਮਲੇ ਭਰੇ ਜਾ ਸਕਦੇ ਹਨ।

ਗਮਲਿਆਂ ਅਤੇ ਖੇਤਾਂ ਵਿੱਚ ਬੂਟੇ ਲਾਉਣ ਤੋਂ 4 ਅਤੇ 7 ਹਫ਼ਤੇ ਬਾਅਦ ਬੂਟਿਆਂ ਨੂੰ ਸਿਰੇ ਤੋਂ ਤੋੜ ਦੇਣਾ ਚਾਹੀਦਾ ਹੈ ਤਾਂ ਕਿ ਬੂਟੇ ਜ਼ਿਆਦਾ ਫੈਲ ਸਕਣ ਅਤੇ ਫੁੱਲਾਂ ਦੀ ਗਿਣਤੀ ਵਧਣ ਨਾਲ ਗਮਲਾ ਭਰਵਾਂ ਨਜ਼ਰ ਆਏ। ਇਸ ਤੋਂ ਇਲਾਵਾ ਖੇਤਾਂ ਵਿੱਚ ਲਗਾਈਆਂ ਕਿਸਮਾਂ ਵਿੱਚ ਵੀ ਇਸ ਕਿਰਿਆ ਨਾਲ ਫੁੱਲਾਂ ਦੀ ਗਿਣਤੀ ਵੱਧ ਜਾਂਦੀ ਹੈ।ਵੱਡੇ ਫੁੱਲਾਂ ਵਾਲੀਆਂ ਕਿਸਮਾਂ (ਜਾਪਾਨੀ) ਜੋ ਕਿ ਗਮਲਿਆਂ ਵਿੱਚ ਇੱਕ ਵੱਡੇ ਅਕਾਰ ਦੇ ਫੁੱਲ ਲੈਣ ਲਈ ਲਗਾਈਆਂ ਜਾਂਦੀਆਂ ਹਨ, ਇਹਨਾਂ ਕਿਸਮਾਂ ਵਿਚ ਸਿਰੇ ਦੀ ਇੱਕ ਚੰਗੀ ਸਿਹਤਮੰਦ ਫੁੱਲ ਦੀ ਡੋਡੀ ਛੱਡ ਕੇ ਬਾਕੀ ਸਾਰੀਆਂ ਤੋੜ ਦਿੱਤੀਆਂ ਜਾਂਦੀਆਂ ਹਨ। ਇਹ ਕਿਰਿਆ ਲਗਾਉਣ ਤੋਂ ਇਕ ਮਹੀਨੇ ਬਾਅਦ ਅਤੇ ਫਿਰ ਮਹੀਨੇ ਦੇ ਫਾਸਲੇ ਤੇ ਦੁਹਰਾਈ ਜਾਂਦੀ ਹੈ ਤਾਂ ਕਿ ਵੱਡੇ ਅਕਾਰ ਦਾ ਸਿਰੇ ਦਾ ਇੱਕ ਫੁੱਲ ਲਿਆ ਜਾ ਸਕੇ।

ਇਹ ਬੂਟੇ ਸਤੰਬਰ-ਅਕਤੂਬਰ ਤੱਕ ਵਧਦੇ ਰਹਿੰਦੇ ਹਨ ਅਤੇ ਅਕਤੂਬਰ-ਨਵੰਬਰ ਦੇ ਮਹੀਨੇ ਵਿੱਚ ਇਹਨਾਂ ਕਿਸਮਾਂ ਵਿੱਚ ਫੁੱਲਾਂ ਦੀਆਂ ਡੋਡੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ। ਗਮਲਿਆਂ ਵਿੱਚ ਲੱਗੇ ਬੂਟਿਆਂ ਨੂੰ ਸੋਟੀਆਂ ਅਤੇ ਧਾਗੇ ਨਾਲ ਬੰਨ੍ਹਕੇ ਸਹਾਰਾ ਦਿੱਤਾ ਜਾਂਦਾ ਹੈ ਤਾਂ ਕਿ ਟਾਹਣੀਆਂ ਪਾਸਿਆਂ ਨੂੰ ਨਾ ਡਿੱਗਣ ਅਤੇ ਚੰਗੇ ਫੁੱਲ ਪੈਦਾ ਹੋ ਸਕਣ। ਜਾਪਾਨੀ ਕਿਸਮਾਂ ਵਿੱਚ ਸਿਰਫ ਇੱਕ ਅਤੇ ਕੋਰੀਅਨ ਕਿਸਮਾਂ ਵਿੱਚ 3-4 ਸਹਾਰੇ ਦਿੱਤੇ ਜਾ ਸਕਦੇ ਹਨ। ਇਹ ਗਮਲੇ ਜਦੋਂ ਪੂਰੀ ਤਰ੍ਹਾਂ ਫੁੱਲ ਦੀਆਂ ਡੋਡੀਆਂ ਨਾਲ ਭਰ ਜਾਂਦੇ ਹਨ ਤਾਂ ਇਹ ਵੇਚਣ ਲਈ ਤਿਆਰ ਹੋ ਜਾਂਦੇ ਹਨ। ਗਮਲਿਆਂ ਵਿੱਚ ਫੁੱਲਾਂ ਦਾ ਥੋੜ੍ਹਾ ਜਿਹਾ ਰੰਗ ਨਜ਼ਰ ਆਉਣ ਤੇ ਖਰੀਦਦਾਰ ਇਹਨਾਂ ਗਮਲਿਆਂ ਨੂੰ ਖਰੀਦ ਸਕਦੇ ਹਨ ਅਤੇ ਲਗਭਗ 1-1.1/2 ਮਹੀਨੇ ਤੱਕ ਇਹਨਾਂ ਫੁੱਲਾਂ ਦੇ ਖਿੜਨ ਦਾ ਆਨੰਦ ਮਾਣ ਸਕਦੇ ਹਨ। ਜਿਵੇਂ-ਜਿਵੇਂ ਸ਼ਹਿਰੀਕਰਨ ਵਧਦਾ ਜਾ ਰਿਹਾ ਹੈ, ਇਹਨਾਂ ਗਮਲਿਆਂ ਦੀ ਮੰਗ ਵਧਦੀ ਜਾ ਰਹੀ ਹੈ, ਇਸ ਮੰਗ ਨੂੰ ਪੂਰਾ ਕਰਨ ਲਈ ਲੋੜ ਮੁਤਾਬਕ ਗਮਲੇ ਤਿਆਰ ਕਰਕੇ ਵੇਚੇ ਜਾ ਸਕਦੇ ਹਨ ।

ਬੂਟਿਆਂ ਨੂੰ ਗਲਣ-ਸੜਨ ਅਤੇ ਹੋਰ ਬਿਮਾਰੀਆਂ ਤੋਂ ਬਚਾਉਣ ਲਈ, ਕਲਮਾਂ ਲਗਾਉਣ ਸਮੇਂ, ਖੇਤਾਂ ਅਤੇ ਗਮਲਿਆਂ ਵਿਚ ਬਦਲਣ ਅਤੇ ਵਾਧੇ ਦੇ ਦੌਰਾਨ ਉਲੀਨਾਸ਼ਕ ਦਵਾਈਆਂ ਦਾ ਲੋੜ ਮੁਤਾਬਕ ਸਪਰੇਅ ਕਰਨਾ ਚਾਹੀਦਾ ਹੈ।ਦਸੰਬਰ ਮਹੀਨੇ ਦੇ ਅੰਤ ਵਿੱਚ ਜਦੋਂ ਫੁੱਲ ਸੁੱਕ ਜਾਂਦੇ ਹਨ ਤਾਂ ਇਹਨਾਂ ਸੁੱਕੀਆਂ ਡੰਡੀਆਂ ਨੂੰ ਕੱਟ ਦਿੱਤਾ ਜਾਂਦਾ ਹੈ। ਫ਼ਰਵਰੀ ਦੇ ਮਹੀਨੇ ਵਿੱਚ ਜਦੋਂ ਤਾਪਮਾਨ ਥੋੜ੍ਹਾ ਗਰਮ ਹੁੰਦਾ ਹੈ, ਇਹ ਬੂਟੇ ਨਵਾਂ ਫੁਟਾਰਾ ਲੈਂਦੇ ਹਨ। ਜਿਨ੍ਹਾਂ ਨੂੰ ਨਿਖੇੜ ਕੇ ਉਚੀਆਂ ਕਿਆਰੀਆਂ ਤੇ ਲਗਾਇਆ ਜਾਂਦਾ ਹੈ ਅਤੇ ਜੂਨ ਮਹੀਨੇ ਤੱਕ ਇਹਨਾਂ ਬੂਟਿਆਂ ਦੀ ਸਮੇਂ ਸਿਰ ਪਾਣੀ ਅਤੇ ਖਾਦ ਪਾ ਕੇ ਚੰਗੀ ਦੇਖਭਾਲ ਕੀਤੀ ਜਾਂਦੀ ਹੈ ਤਾਂ ਕਿ ਜੂਨ ਜੁਲਾਈ ਵਿੱਚ ਇਹਨਾਂ ਪੌਦਿਆਂ ਤੋਂ ਸਿਹਤਮੰਦ ਕਲਮਾਂ ਲਈਆਂ ਜਾ ਸਕਣ। ਅਪ੍ਰੈਲ-ਮਈ ਦੀ ਸਿੱਧੀ ਧੁੱਪ ਤੋਂ ਬਚਾਉਣ ਲਈ ਇਹਨਾਂ ਨੂੰ ਛਾਂ-ਦਾਰ ਜਾਲੀ ਨਾਲ ਢੱਕਿਆ ਜਾਂਦਾ ਹੈ ਤਾਂ ਜੋ ਧੁੱਪ ਦਾ ਅਸਰ ਘੱਟ ਹੋ ਸਕੇ ਅਤੇ ਬੂਟੇ ਵਧੀਆ ਤਰੀਕੇ ਨਾਲ ਵਧ-ਫੁੱਲ ਸਕਣ।

ਪੀ.ਏ.ਯੂ. ਦੁਆਰਾ ਵੱਖ-ਵੱਖ ਮੰਤਵਾਂ ਲਈ ਸਿਫਾਰਿਸ਼ ਕੀਤੀਆਂ ਕਿਸਮਾਂ :

1. ਗਮਲਿਆਂ ਲਈ ਕਿਸਮਾਂ: ਪੰਜਾਬ ਮੋਹਿਨੀ (ਸਫੈਦ) ਮਦਰ ਟੈਰੇਸਾ (ਸਫੈਦ ਕਰੀਮ), ਪੰਜਾਬ ਗੋਲਡ (ਪੀਲਾ), ਯੈਲੋ ਚਾਰਮ (ਪੀਲਾ), ਅਨਮੋਲ (ਪੀਲਾ)

2. ਡੰਡੀ ਰਹਿਤ ਕਿਸਮਾਂ: ਪੰਜਾਬ ਸ਼ਿਗਾਰ (ਸਫੈਦ), ਬੱਗੀ (ਸਫੈਦ), ਰਤਲਾਮ ਸਿਲੈਕਸ਼ਨ(ਕਰੀਮ)।

3. ਡੰਡੀਦਾਰ ਕਿਸਮਾਂ: ਪੰਜਾਬ ਸ਼ਿਆਮਲੀ (ਜਾਮਣੀ ਅਤੇ ਗੂੜ੍ਹਾ ਜਾਮਣੀ ਕੇਂਦਰ)

ਇਹਨਾਂ ਕਿਸਮਾਂ ਦੀਆਂ ਕਲਮਾਂ ਖਰੀਦਣ ਲਈ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨਾਲ ਜੁਲਾਈ- ਅਗਸਤ ਅਤੇ ਗਮਲੇ ਖਰੀਦਣ ਲਈ ਨਵੰਬਰ- ਦਸੰਬਰ ਵਿੱਚ ਸੰਪਰਕ ਕੀਤਾ ਜਾ ਸਕਦਾ ਹੈ।

Share This Article
Leave a Comment