ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੀਤੇ ਸੋਮਵਾਰ ਐਚ-1 ਬੀ ਵੀਜ਼ਾ ਪ੍ਰਣਾਲੀ ਦੀ ਧੋਖਾਧੜੀ ਤੇ ਦੁਰਵਰਤੋਂ ਨੂੰ ਲੈ ਕੇ ਇੱਕ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕਰ ਦਿੱਤੇ ਹਨ। ਇਸ ਤੋਂ ਬਾਅਦ ਹੁਣ ਅਮਰੀਕਾ ਦੀਆਂ ਸਰਕਾਰੀ ਏਜੰਸੀਆਂ ਐੱਚ-1ਬੀ ਵੀਜ਼ਾਂ ਧਾਰਕਾਂ ਨੂੰ ਨੌਕਰੀ ‘ਤੇ ਨਹੀਂ ਰੱਖ ਸਕਣਗੀਆਂ। ਇਸ ਆਦੇਸ਼ ਦਾ ਵੱਡਾ ਫਾਇਦਾ ਅਮਰੀਕਾ ਦੇ ਨਾਗਰਿਕਾਂ ਨੂੰ ਮਿਲੇਗਾ। ਇਹ ਫੈਸਲਾ 24 ਜੂਨ ਤੋਂ ਹੀ ਪ੍ਰਭਾਵੀ ਮੰਨਿਆ ਜਾਵੇਗਾ। ਅਮਰੀਕੀ ਰਾਸ਼ਟਰਪਤੀ ਨੇ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ ਹੈ।
ਟਰੰਪ ਦਾ ਇਹ ਕਦਮ ਅਮਰੀਕੀ ਕਾਮਿਆਂ ਦੀ ਰੱਖਿਆ ਲਈ ਬਹੁਤ ਮਦਦਗਾਰ ਸਾਬਤ ਹੋਣ ਵਾਲਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਟਰੰਪ ਨੇ ਅਮਰੀਕੀ ਨਾਗਰਿਕਾਂ ਜਾਂ ਗ੍ਰੀਨ ਕਾਰਡ ਧਾਰਕਾਂ ਨੂੰ ਹਟਾਉਣ ਤੇ ਉਨ੍ਹਾਂ ਦੀ ਥਾਂ ਵਿਦੇਸ਼ੀ ਕਾਮਿਆਂ ਨਾਲ ਤਬਦੀਲ ਕਰਨ ਦੇ ਸੰਘੀ ਏਜੰਸੀਆਂ ਦੇ ਫੈਸਲੇ ਨੂੰ ਰੋਕ ਦਿੱਤਾ ਤੇ ਅਜਿਹਾ ਕਰਨ ਲਈ ਇਕ ਵੱਡਾ ਰਾਜ ਉਦਯੋਗ ਬਣਾਇਆ।
ਅਮਰੀਕਾ ਦੇ ਕਿਰਤ ਮੰਤਰੀ ਨੇ ਇਸ ਫੈਸਲੇ ਨੂੰ ਲੈ ਕੇ ਕਿਹਾ ਹੈ ਕਿ ਐੱਚ-1ਬੀ ਵੀਜ਼ਾ ਦੇ ਨਾਮ ‘ਤੇ ਧੋਖਾਧੜੀ ਰੋਕਣ ਅਤੇ ਅਮਰੀਕੀ ਨਾਗਰਿਕਾਂ ਦੇ ਹਿੱਤਾਂ ਨੂੰ ਧਿਆਨ ‘ਚ ਰੱਖਦੇ ਹੋਏ ਇਹ ਠੋਸ ਕਦਮ ਚੁੱਕਿਆ ਗਿਆ ਹੈ। ਰਾਸ਼ਟਰਪਤੀ ਟਰੰਪ ਦੇ ਇਸ ਫੈਸਲੇ ਨਾਲ ਭਾਰਤੀ ਆਈ.ਟੀ. ਪੇਸ਼ੇਵਰ ਵੱਡੀ ਗਿਣਤੀ ‘ਚ ਪ੍ਰਭਾਵਿਤ ਹੋਣਗੇ ਕਿਉਂ ਕਿ ਭਾਰਤੀ ਆਈ.ਟੀ. ਪੇਸ਼ੇਵਰ ਐੱਚ-1ਬੀ ਵੀਜ਼ਾ ‘ਤੇ ਹੀ ਅਮਰੀਕਾ ਆਉਂਦੇ ਹਨ।