ਉੱਤਰੀ ਕੋਰੀਆ ‘ਚ ਕੋਰੋਨਾ ਦੀ ਦਸਤਕ, ਕਿਮ ਜੋਂਗ ਉਨ ਵੱਲੋਂ ਦੇਸ਼ ‘ਚ ਐਮਰਜੈਂਸੀ ਦਾ ਐਲਾਨ

TeamGlobalPunjab
2 Min Read

ਸਿਓਲ : ਦੁਨੀਆ ਭਰ ਵਿੱਚ ਪੈਰ ਪਸਾਰ ਚੁੱਕੇ ਜਾਨਲੇਵਾ ਕੋਰੋਨਾ ਵਾਇਰਸ ਨੇ ਹੁਣ ਉੱਤਰ ਕੋਰੀਆ ‘ਚ ਵੀ ਦਸਤਕ ਦੇ ਦਿੱਤੀ ਹੈ। ਕੋੋਰੋਨਾ ਮਹਾਮਾਰੀ ਸ਼ੁਰੂ ਹੋਣ ਤੋਂ ਕਰੀਬ 7 ਮਹੀਨੇ ਬਾਅਦ ਉੱਤਰ ਕੋਰੀਆ ‘ਚ ਕੋਰੋਨਾ ਸੰਕਰਮਣ ਦਾ ਪਹਿਲਾਂ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਨੇ ਸਾਰੇ ਦੇਸ਼ ‘ਚ ਐਮਰਜੰਸੀ ਦਾ ਐਲਾਨ ਕਰ ਦਿੱਤਾ ਹੈ।

ਦੱਸ ਦੇਈਏ ਕਿ ਐਤਵਾਰ ਨੂੰ ਦੱਖਣ ਕੋਰੀਆ ਤੋਂ ਵਾਪਸ ਪਰਤੇ ਇਕ ਸੁਰੱਖਿਆ ਮੁਲਾਜ਼ਮ ‘ਚ ਕੋਰੋਨਾ ਦੇ ਲੱਛਣ ਦਿਖਾਈ ਦੇਣ ਤੋਂ ਬਾਅਦ ਉਸ ਦੀ ਕੋਰੋਨਾ ਜਾਂਚ ਕਰਵਾਈ ਗਈ ਸੀ ਜਿਸ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਸ ਤੋਂ ਬਾਅਦ ਸਥਾਨਕ ਲੋਕਾਂ ‘ਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਦੇ ਚਲਦਿਆਂ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਨੇ ਦੇਸ਼ ਭਰ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ।

ਉਕਤ ਵਿਅਕਤੀ ਦੇ ਸੰਪਰਕ ‘ਚ ਆਏ ਵਿਅਕਤੀਆਂ ਨੂੰ ਇੱਕ ਅਲੱਗ ਥਾਂ ‘ਤੇ ਕੁਆਰੰਟੀਨ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਉੱਤਰੀ ਕੋਰੀਆ ਨੇ ਕੋਰੋਨਾ ਵਾਇਰਸ ਨੂੰ ਦੇਸ਼ ‘ਚ ਫੈਲਣ ਤੋਂ ਰੋਕਣ ਲਈ ਇਸ ਸਾਲ ਦੇ ਸ਼ੁਰੂ ਵਿਚ ਹੀ ਆਪਣੀਆਂ ਸਾਰੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਸੀ। ਇਸ ਤੋਂ ਇਲਾਵਾ ਵਿਦੇਸ਼ੀ ਸੈਲਾਨੀਆਂ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ।

ਕੋਰੋਨਾ ਮਹਾਮਾਰੀ ਦਾ ਪ੍ਰਕੋਪ ਦਿਨੋਂ ਦਿਨ ਵੱਧ ਰਿਹਾ ਹੈ। ਵਿਸ਼ਵ ਪੱਧਰ ‘ਤੇ ਹੁਣ ਤੱਕ ਕੋਰੋਨਾ ਦੇ 1 ਕਰੋੜ 62 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 6 ਲੱਖ 48 ਹਜ਼ਾਰ ਤੋਂ ਵੱਧ ਲੋਕਾਂ ਨੇ ਕੋਰੋਨਾ ਨਾਲ ਦਮ ਤੋੜ ਦਿੱਤਾ ਹੈ।

Share This Article
Leave a Comment