ਲੁਧਿਆਣਾ: ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੈਨਸ਼ਨ ਘੁਟਾਲੇ ਵਿੱਚ ਜੁੜੇ ਅਧਿਕਾਰੀਆਂ ‘ਤੇ ਵੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਬੈਂਸ ਨੇ ਕਿਹਾ ਕਿ ਘੱਟ ਉਮਰ ਵਾਲੇ ਲੋਕਾਂ ਦੀ ਪੈਨਸ਼ਨ ਲਗਾਉਣ ਲਈ ਕਾਗਜ਼ੀ ਕਾਰਵਾਈ ਪੂਰੀ ਕਰਨ ਵਾਲੇ ਅਧਿਕਾਰੀ ਜੇਕਰ ਚੌਕਸ ਹੁੰਦੇ ਤਾਂ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ ਕਿ ਗੜਬੜ ਹੋ ਜਾਂਦੀ। ਅਜਿਹੇ ਵਿੱਚ ਕਸੂਰਵਾਰ ਅਧਿਕਾਰੀਆਂ ਨੂੰ ਬਖਸ਼ਿਆਂ ਨਹੀਂ ਜਾਵੇਗਾ।
ਬੈਂਸ ਨੇ ਕਿਹਾ ਕਿ ਪੈਨਸ਼ਨ ਧਾਰਕਾਂ ‘ਚੋਂ ਜਿਨ੍ਹਾਂ ਦੀ ਉਮਰ ਉਨ੍ਹਾਂ ਦੇ ਦਸਤਾਵੇਜਾਂ ਨਾਲ ਮੇਲ ਖਾਂਦੀ ਹੈ ਉਨ੍ਹਾਂ ਦੀ ਪੈਨਸ਼ਨ ਜਾਰੀ ਰੱਖਦੇ ਹੋਏ ਸਿਰਫ ਉਨ੍ਹਾਂ ਤੋਂ ਵਾਪਸੀ ਕਰਵਾਈ ਜਾਵੇ ਜਿਨ੍ਹਾਂ ਨੇ ਦਸਤਾਵੇਜਾਂ ਵਿੱਚ ਉਮਰ ਜ਼ਿਆਦਾ ਲਿਖਵਾਈ। ਬੈਂਸ ਨੇ ਦੋਸ਼ ਲਗਾਇਆ ਕਿ ਉਨ੍ਹਾਂ ਕੋਲ ਬਹੁਤ ਸ਼ਿਕਾਇਤਾਂ ਆ ਰਹੀਆਂ ਹਨ ਕਿ ਠੀਕ ਉਮਰ ਅਤੇ ਸਹੀ ਦਸਤਾਵੇਜ਼ ਲੈ ਕੇ ਲਈ ਗਈ ਪੈਨਸ਼ਨ ਦੀ ਰਕਮ ਵਾਪਸ ਲੈਣ ਲਈ ਸਰਕਾਰੀ ਕਰਮਚਾਰੀ ਉਨ੍ਹਾਂ ਦੇ ਘਰਾਂ ਦੇ ਚੱਕਰ ਲਗਾ ਰਹੇ ਹਨ। ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਲਈ ਕਿਸੇ ਏਜੰਸੀ ਨੂੰ ਨਿਯੁਕਤ ਕਰਨ ਦੀ ਮੰਗ ਵੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕੀਤੀ।
ਇਸ ਤੋਂ ਪਹਿਲਾਂ ਅਪਾਹਜਾਂ, ਵਿਧਵਾ ਅਤੇ ਬਜ਼ੁਰਗਾਂ ਨੂੰ ਪੈਨਸ਼ਨ ਦੇਣ ਵਿੱਚ ਹੋਏ ਘੁਟਾਲੇ ਦੀ ਜਾਂਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਜੀਲੈਂਸ ਨੂੰ ਸੌਂਪ ਦਿੱਤੀ ਸੀ। ਵਿਜੀਲੈਂਸ ਨੇ ਸ਼ਿਕਾਇਤਕਰਤਾ ਦੇ ਬਿਆਨ ਦਰਜ ਕਰ ਜਾਂਚ ਨੂੰ ਅੱਗੇ ਵੀ ਵਧਾ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਜਾਂਚ ਵਿੱਚ ਵਿਭਾਗ ਦੀ ਮਹਿਲਾ ਸੇਵਾ ਮੁਕਤ ਅਧਿਕਾਰੀ ਸਣੇ ਕਈ ਹੋਰ ਕਰਮੀਆਂ ‘ਤੇ ਗਾਜ ਗਿਰ ਸਕਦੀ ਹੈ।