ਮੁਹਾਲੀ : ਪੰਜਾਬ ‘ਚ 12ਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਦੀ ਉਡੀਕ ਅੱਜ ਮੁੱਕ ਗਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਸ਼੍ਰੇਣੀ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ‘ਤੇ ਜਾ ਕੇ ਆਪਣੇ ਨਤੀਜੇ ਦੇਖ ਸਕਦੇ ਹਨ। ਇਸ ਸਾਲ ਫਿਰ ਨਤੀਜਿਆਂ ‘ਚ ਸਰਕਾਰੀ ਸਕੂਲਾਂ ਨੇ ਬਾਜ਼ੀ ਮਾਰੀ ਹੈ।
ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਪਾਸ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਦੱਸਿਆ ਕਿ ਇਸ ਸਾਲ ਕੁੱਲ 2,86,378 ਵਿਦਿਆਰਥੀਆਂ ਨੇ 12ਵੀਂ ਦੀ ਪ੍ਰੀਖਿਆ ਦਿੱਤੀ ਸੀ ਜਿਸ ਵਿਚੋਂ 260547 ਪਾਸ ਹੋਏ ਹਨ ਤੇ ਪਾਸ ਪ੍ਰਤੀਸ਼ਤ 90.98 ਫੀਸਦੀ ਬਣਦੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਦੀ ਪਾਸ ਫ਼ੀਸਦੀ 94.32 ਫੀਸਦੀ ਰਹੀ ਹੈ ਜਦਕਿ ਐਫਿਲੀਏਟਡ ਸਕੂਲਾਂ ਦੀ 91.84 ਫ਼ੀਸਦੀ ਅਤੇ ਐਸੋਸ਼ੀਏਟਿਡ ਸਕੂਲਾਂ ਦੀ 87.04 ਫ਼ੀਸਦੀ ਰਹੀ ਹੈ।
ਇਸ ਸਾਲ ਦਿਹਾਤੀ ਇਲਾਕਿਆਂ ਨਾਲ ਸਬੰਧਿਤ ਵਿਦਿਆਰਥੀਆਂ ਦੀ ਪਾਸ ਫ਼ੀਸਦੀ ਸ਼ਹਿਰੀ ਇਲਾਕਿਆਂ ਦੇ ਵਿਦਿਆਰਥੀਆਂ ਨਾਲੋਂ ਵੱਧ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਸਾਲ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਸਿਰਫ ਤਿੰਨ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਹੀ ਹੋ ਸਕੀਆਂ ਸਨ ਅਤੇ ਬੋਰਡ ਨੂੰ ਬਾਕੀ ਰਹਿੰਦੀਆਂ ਪ੍ਰੀਖਿਆਵਾਂ ਰੱਦ ਕਰਨੀਆਂ ਪਈਆਂ ਸਨ। ਬੋਰਡ ਵੱਲੋਂ ਇਸ ਵਾਰ ਕਿਸੇ ਤਰ੍ਹਾਂ ਦੀ ਮੈਰਿਟ ਸੂਚੀ ਜਾਰੀ ਨਹੀਂ ਕੀਤੀ ਜਾਵੇਗੀ।