-ਗੁਰਪ੍ਰੀਤ ਕੌਰ ਸੈਣੀ, ਹਿਸਾਰ
ਸਾਉਣ ਮਹੀਨਾ ਦਿਨ ਤੀਆਂ ਦੇ, ਸੱਭੇ ਸਹੇਲੀਆਂ ਆਈਆਂ।
ਵੇ ਭਿੱਜ ਗਈ ਰੂਹ ਮਿੱਤਰਾ, ਸ਼ਾਮ-ਘਟਾ ਚੜ੍ਹ ਆਈਆਂ।
ਸਾਉਣ ਮਹੀਨੇ ਦਾ ਜ਼ਿਕਰ ਆਉਂਦਿਆਂ ਹੀ ਮਨ ਵਿੱਚ ਉਮੰਗਾਂ ਤੇ ਤਰੰਗਾਂ ਉਸਲਵੱਟੇ ਲੈਣ ਲੱਗਦੀਆਂ ਹਨ। ਕਦੇ ਸਮਾਂ ਹੁੰਦਾ ਸੀ ਕਿ ਚਾਰੇ ਪਾਸੇ ਬੱਦਲਾਂ ਦੀ ਗੜਗੜਾਹਟ, ਬਿਜਲੀ ਦੀ ਕੜਕੜ ਤੇ ਮਾਣਮੱਤੀ ਹਰਿਆਲੀ ਵਿੱਚ ਗੁਲਗੁਲਿਆਂ ਤੇ ਪੂੜਿਆਂ ਦੀ ਸਵਾਦਲੀ ਖੁਸ਼ਬੂ ਨਾਲ ਚੌਗਿਰਦਾ ਮਹਿਕਿਆ-ਮਹਿਕਿਆ ਲਗਦਾ। ਹਰਿਆਲੀਆਂ-ਚਾਰਗਾਹਾਂ ‘ਤੇ ਰੱਜ-ਰੱਜ ਕੇ ਘਾਹ ਚਰਦੇ ਪਸ਼ੂ, ਕਿਤੇ-ਕਿਤੇ ਮੀਂਹ ਪਵਾਉਣ ਲਈ ਗੁੱਡੀ ਫੂਕਦੀਆਂ ਕਵਾਰੀਆਂ ਕੁੜੀਆਂ, ਗਿੱਧਿਆਂ, ਛਿੰਝਾਂ ਤੇ ਪੀਂਘਾਂ ਦੇ ਦ੍ਰਿਸ਼ ਆਮ ਹੀ ਵੇਖਣ ਨੂੰ ਮਿਲ ਜਾਇਆ ਕਰਦੇ ਸਨ। ਪੀਂਘਾਂ ‘ਤੇ ਹੀਂਘ-ਹੁਲਾਰੇ ਲੈਂਦੀਆਂ ਮੁਟਿਆਰਾਂ ਨੂੰ ਵੇਖ ਕੇ ਕਿਸੇ ਗੱਭਰੂ ਦਾ ਕਾਲਜਾ ਵਲੂੰਧਰਿਆ ਜਾਂਦਾ ਤੇ ਉਹ ਕਹਿ ਉਠਦਾ-
ਨੀ ਨਿੰਮ ਨਾਲ ਝੂਟਦੀਏ!
ਤੋਤਾ ਪੀ ਗਿਆ ਗੁਲਾਬੀ ਰੰਗ ਤੇਰਾ।
ਸਾਉਣ ਦੇ ਮਹੀਨੇ ਵਿੱਚ ਕੁੜੀਆਂ-ਚਿੜੀਆਂ, ਸਜ-ਵਿਆਹੀਆਂ ਮੁਟਿਆਰਾਂ ਆਪਣੇ ਪੇਕੇ ਪਿੰਡ ਆਈਆਂ ਹੁੰਦੀਆਂ। ਤੀਆਂ ਦੇ ਬਹਾਨੇ ਉਹ ਆਪਣੀਆਂ ਵਿੱਛੜੀਆਂ ਸਹੇਲੀਆਂ ਨੂੰ ਮਿਲਦੀਆਂ ਤੇ ਦੁੱਖ-ਸੁੱਖ ਫਰੋਲ਼ਦੀਆਂ। ਉਂਝ ਵੀ ਸਾਉਣ ਦਾ ਮਹੀਨਾ ਸਿਰਫ਼ ਗਿੱਧਿਆਂ, ਬੋਲੀਆਂ, ਖੀਰਾਂ-ਪੂੜਿਆਂ ਜਾਂ ਪੀਂਘਾਂ ਦਾ ਤਿਉਹਾਰ ਨਹੀਂ, ਬਲਕਿ ਪ੍ਰੀਤਾਂ-ਚਾਵਾਂ, ਰੀਝਾਂ ਤੇ ਦਿਲ ‘ਚ ਉਸਲਵੱਟੇ ਲੈਂਦੇ ਅਰਮਾਨਾਂ ਦਾ ਤਿਉਹਾਰ ਹੈ। ਖਣਕਦੀਆਂ ਵੰਗਾਂ ਤੇ ਛਮ-ਛਮ ਵਜਦੀਆਂ ਝਾਂਜਰਾਂ ਦਾ ਸੰਗੀਤ ਦਿਲ ਵਿੱਚ ਜੋ ਮਸਤੀ ਪੈਦਾ ਕਰਦਾ ਸੀ, ਉਹ ਮਸਤੀ ਛਿੰਝਾਂ ਤੇ ਗਿੱਧਿਆਂ ਵਿੱਚ ਬਾਵਰੀ ਹੋ-ਹੋ ਨੱਚਦੀ ਸੀ। ਬਾਗਾਂ-ਬਗੀਚਿਆਂ ਜਾਂ ਪਿੱਪਲਾਂ-ਬੋਹੜਾਂ ਦੀ ਛਾਂਵੇਂ ਗਿੱਧਾ ਪੈਂਦਾ ਤਾਂ ਕੁਦਰਤ ਜਿਵੇਂ ਮੋਰ ਬਣ-ਬਣ ਨੱਚ ਉੱਠਦੀ। ਗਿੱਧਿਆਂ ਵਿੱਚ ਨੱਚਦੀ ਜਵਾਨੀ ਅਤੇ ਪੈਂਦੇ ਖਰੂਦ ਨੂੰ ਗੱਭਰੂ ਲੁਕ-ਲੁਕ ਤੱਕਦੇ।
ਅੱਜ ਤੋਂ ਪੱਚੀ-ਤੀਹ ਸਾਲ ਪਹਿਲਾਂ ਜੋ ਤੀਆਂ ਮਨਾਈਆਂ ਜਾਂਦੀਆਂ ਸਨ, ਉਹਨਾਂ ਦਾ ਚੇਤਾ ਸ਼ਾਇਦ ਕਿਸੇ ਨੂੰ ਨਹੀਂ ਭੁੱਲ ਸਕਦਾ। ਨਵੀਆਂ ਵਿਆਹੀਆਂ ਨੂੰ ਸਹੁਰਿਆਂ ਦਾ ਭਾਂਵੇਂ ਕਿੰਨਾ ਹੀ ਚਾਅ ਹੁੰਦਾ, ਪਰ ਉਹ ਸਾਉਣ ਦੇ ਮਹੀਨੇ ਵਿੱਚ ਆਪਣੇ ਪੇਕਿਆਂ ਦੇ ਪਿੰਡ ਹੀ ਆਉਂਦੀਆਂ। ਉਂਝ ਵੀ ਪਹਿਲਾ-ਪਹਿਲਾ ਸਾਉਣ ਪੇਕੇ ਘਰ ਹੀ ਬਿਤਾਇਆ ਜਾਂਦਾ। ਨਵੀਂ-ਵਿਆਹੀ ਕੁੜੀ ਦਾ ਪਹਿਲਾ ਸਿੰਧਾਰਾ ਜਦੋਂ ਸਹੁਰਿਆਂ ਦੇ ਪਿੰਡੋਂ ਆਉਂਦਾ ਤਾਂ ਗਲੀ-ਗੁਆਂਢ ਦੀਆਂ ਜਨਾਨੀਆਂ ਵੇਖਣ ਆਉਂਦੀਆਂ। ਸੰਧਾਰੇ ਵਿੱਚ ਮੁੱਖ ਰੂਪ ਵਿੱਚ ਘਿਓਰ, ਪਤਾਸੇ, ਮੱਠੀਆਂ ਤੇ ਲੱਡੂ ਹੀ ਹੋਇਆ ਕਰਦੇ। ਪਰ ਇਸ ਤੋਂ ਇਲਾਵਾ ਚੂੜੀਆਂ, ਮਹਿੰਦੀ, ਪੀਂਘ, ਫੱਟੀ ਤੇ ਫੇਣੀਆਂ ਆਦਿ ਵੀ ਹੋਇਆ ਕਰਦੀਆਂ। ਸਾਰੇ ਸ਼ਰੀਕੇ ਵਿੱਚ ਲੱਡੂ ਵੰਡੇ ਜਾਂਦੇ। ਲੱਡੂ ਆਈ ਹੋਈ ਭਾਜੀ ਮੁਤਾਬਿਕ ਹੀ ਹੋਇਆ ਕਰਦੇ। ਜਿਸ ਘਰੋਂ ਦੋ ਆਏ ਹੁੰਦੇ, ਉਸ ਦੇ ਦੋ ਲੱਡੂ ਹੀ ਭੇਜੇ ਜਾਂਦੇ। ਜਿਸ ਘਰੋਂ ਪੰਜ ਆਏ ਹੁੰਦੇ ਉਸ ਘਰ ਪੰਜ ਤੇ ਬਹੁਤੇ ਪਿਆਰ-ਪ੍ਰੇਮ ਵਾਲੇ ਘਰਾਂ ਵਿੱਚ ਗਿਆਰਾਂ ਲੱਡੂ ਵੀ ਭੇਜੇ ਜਾਂਦੇ। ਆਏ ਪ੍ਰਾਹੁਣਿਆਂ ਨੂੰ ਹਾਸੇ-ਠੱਠੇ ਵੀ ਕੀਤੇ ਜਾਂਦੇ। ਕਿੰਨੀ ਅਪਣੱਤ ਹੁੰਦੀ ਸੀ ਉਹਨਾਂ ਸਮਿਆਂ ਵਿੱਚ..!
ਸਾਉਣ ਮਹੀਨੇ ਦੀ ਬਹਾਰ ਦਾ ਨਜ਼ਾਰਾ ਖੇਤਾਂ-ਬੰਨਿਆਂ ਵਿੱਚ ਵੇਖਣ ਨੂੰ ਵੀ ਮਿਲਦਾ। ਜਿਸ ਨੂੰ ਵੇਖ ਕੇ ਮੁਟਿਆਰਾਂ ਦੇ ਮਨਾਂ ਵਿਚੱ ਗਿੱਧੇ ਦੀ ਲਲਕ ਜਾਗ ਉੱਠਦੀ-
ਸਾਉਣ ਮਹੀਨੇ ਘਾਹ ਹੋ ਗਿਆ, ਰੱਜੀਆਂ ਮੱਝੀਂ ਗਾਈਂ।
ਗਿੱਧਿਆ ਪਿੰਡ ਵੜ ਵੇ, ਲਾਂਭ-ਲਾਂਭ ਨਾ ਜਾਈਂ
ਸਾਉਣ ਮਹੀਨੇ ਪਿੰਡ ਦੀਆਂ ਗਲ਼ੀਆਂ ਵਿੱਚ ਭਟਕੇ ਕਿਸੇ ਓਪਰੇ ਸ਼ੁਕੀਨ ਗੱਭਰੂ ਨੂੰ ਵੇਖ ਕੇ ਕੋਈ ਮੁਟਿਆਰ ਛੇੜਦੀ ਹੋਈ ਪੁੱਛ ਬੈਠਦੀ—
ਗੁਲਾਨਾਰੀ-ਗੁਲਾਨਾਰੀ ਪੱਗ ਵਾਲਿਆ!
ਵੇ ਕਿਹੜੇ ਪਿੰਡ ਤੋਂ ਪ੍ਰਾਹੁਣਾ ਆਇਆ!!
ਮੁੰਡਾ ਵੀ ਗੁੱਝੀ ਸ਼ਰਾਰਤ ਬੁੱਝ ਲੈਂਦਾ ਤੇ ਆਖਦਾ—
ਜਾਣ ਕੇ ਨਾ- ਜਾਣ ਕੇ ਨਾ ਪੁੱਛ ਗੋਰੀਏ!
ਨੀ ਤੇਰੇ ਬਾਪ ਦਾ ਜਵਾਈ ਬਣ ਜਾਣਾ
ਇਸ ਤਰ੍ਹਾਂ ਖੁਸ਼ੀਆਂ-ਖੇੜਿਆਂ ਵਿੱਚ ਸਮਾਂ ਬੀਤਦਾ। ਜੇ ਕਿਸੇ ਕੁੜੀ ਨੂੰ ਉਸਦੇ ਭਰਾ ਲੈਣ ਨਾ ਪਹੁੰਚ ਸਕਦੇ ਤਾਂ ਉਸ ਨੂੰ ਉਸਦੀ ਸੱਸ ਮਿਹਣਾ ਮਾਰਦੀ ਹੋਈ ਕਹਿ ਦਿੰਦੀ—
ਬਹੁਤਿਆਂ ਭਰਾਵਾਂ ਵਾਲੀਏ!
ਤੈਨੂੰ ਤੀਆਂ ਤੇ ਲੈਣ ਨਾ ਆਏ।
ਮੁਟਿਆਰ ਦਾ ਮਨ ਸਿਸਕ ਉੱਠਦਾ। ਉਹ ਤਰਲੇ ਪਾਉਂਦੀ ਹੋਈ ਮਾਂ ਨੂੰ ਯਾਦ ਕਰਦੀ ਹੋਈ ਆਖਦੀ—
ਸਾਉਣ ਚੜ੍ਹਿਆ, ਤੀਆਂ ਦੇ ਦਿਨ ਆਏ।
ਭੇਜੀਂ ਮਾਂਏ ਚੰਨ ਵੀਰ ਨੂੰ
ਕਦੇ-ਕਦਾਈਂ ਆਪਣੀ ਸੱਸ ਦੀਆਂ ਜ਼ਿਆਦਤੀਆਂ ਤੋਂ ਤੰਗ ਆ ਕੇ ਆਪਣੇ ਵੀਰ ਨੂੰ ਯਾਦ ਕਰਦੀ ਹੋਈ ਕੁਰਲਾ ਉੱਠਦੀ—
ਕੋਠੇ-ਕੋਠੇ ਆ ਜਾ ਵੀਰਨਾਂ!
ਵੇ ਸੱਸ ਕੰਜਰੀ ਦੇ ਰੁਦਨ ਸੁਣਾਵਾਂ
ਕਿਸੇ ਖੇਤ-ਬੰਨੇ ਕੰਮ ਲੱਗਿਆਂ ਉਸ ਨੂੰ ਦੂਰੋਂ ਆਪਣੇ ਵੀਰ ਦੀ ਝਲਕ ਦਿਖਾਈ ਦਿੰਦੀ ਤਾਂ ਉਹ ਖੁਸ਼ ਹੋ ਕੇ ਆਪਣੀਆਂ ਸਹੇਲੀਆਂ ਨੂੰ ਦੱਸਦੀ –
ਨੀ ਉਹ ਵੀਰ ਮੇਰਾ ਕੁੜੀਓ!
ਹੱਥ ਛਤਰੀ ਨਹਿਰ ਦੀ ਪਟੜੀ।
ਭੈਣ ਆਪਣੇ ਵੀਰ ਨੂੰ ਛੇਤੀ ਪੇਕੇ ਲੈ ਜਾਣ ਦੇ ਹਾੜੇ ਕੱਢਦੀ—
ਛੱਲੀਆਂ- ਛੱਲੀਆਂ- ਛੱਲੀਆਂ
ਵੀਰਾ ਮੈਨੂੰ ਲੈ ਚੱਲ ਵੇ,
ਮੇਰੀਆਂ ਝੂਟਣ ਸਹੇਲੀਆਂ ‘ਕੱਲੀਆਂ।
ਇਸ ਪ੍ਰਕਾਰ ਸਾਉਣ ਮਹੀਨੇ ਦੀ ਖਿੱਚ ਕੁੜੀਆਂ ਅੰਦਰ ਇੱਕ ਕਾਹਲ਼ ਪੈਦਾ ਕਰਦੀ। ਤੇ ਫੇਰ ਪੇਕਿਆਂ ਦੇ ਪਿੰਡ ਜਿਉਂ ਗਿੱਧਿਆਂ ਦੇ ਪਿੜ੍ਹ ਮਘਦੇ ਕਿ ਪ੍ਰਕ੍ਰਿਤੀ ਦਾ ਅੰਗ-ਅੰਗ ਨੱਚ ਉਠਦਾ। ਵਿਹੜਿਆਂ ਦੀ ਰੌਣਕ ਨੂੰ ਭਾਗ ਲੱਗ ਜਾਂਦੇ। ਕੁੜੀਆਂ ਗਲ਼ੀਆਂ ਵਿਚ ਮੱਛਰੀਆਂ ਫਿਰਦੀਆਂ। ਖੌਰੂ ਪੱਟਦੀਆਂ, ਹਾਸਿਆਂ ਦੀ ਟੁਣਕਾਰ ਵੱਜਦੀ। ਆਮ ਕਰਕੇ ਗਿੱਧਿਆਂ ਵਿੱਚ ਕੁੜੀਆਂ ਆਪਣੇ ਮਨ ਦੇ ਵਲਵਲੇ ਬਾਹਰ ਕੱਢਦੀਆਂ। ਕੋਈ ਮੁਟਿਆਰ ਬੋਲੀ ਪਾਉਂਦੀ—
ਨਿੱਕੀ-ਜਿਹੀ ਬੱਦਲੀ ਬੱਦਲਾਂ ‘ਚੋਂ ਨਿੱਕਲੀ
ਕਿੱਥੇ ਜਾ ਕੇ ਬਰਸੇਂਗੀ,
ਨੀ ਅੱਜ ਨੱਚ ਲੈ
ਸਵੇਰੇ ਤਰਸੇਂਗੀ।
ਕਿਸੇ ਕੁਆਰੀ ਕੁੜੀ ਦੇ ਵਿਆਹ ਵਿੱਚ ਦੇਰੀ, ਉਸ ਦੇ ਸੀਨਿਓਂ ਹੂਕ ਬਣ ਕੇ ਨਿੱਕਲਦੀ—
ਚਾਂਦੀ-ਚਾਂਦੀ-ਚਾਂਦੀ
ਨੀ ਮੇਰੇ ਨਾਲੋਂ ਬਾਂਦਰੀ ਚੰਗੀ
ਜਿਹੜੀ ਨਿੱਤ ਮੁਕਲਾਵੇ ਜਾਂਦੀ।
ਕੋਈ ਸੱਸ ਨਾਲ ਗਿਲਾ ਕਰਦੀ ਹੋਈ ਕਹਿੰਦੀ–
ਮਾਪਿਆਂ ਨੇ ਰੱਖੀ ਲਾਡਲੀ
ਅੱਗੋਂ ਸੱਸ ਬਘਿਆੜੀ ਟੱਕਰੀ।
ਕੋਈ ਨਵੀਂ ਵਿਆਹੀ ਆਪਣੀ ਬਰੀ ਦੇ ਲੀੜਿਆਂ ਦਾ ਜ਼ਿਕਰ ਕਰਦੀ–
ਪੱਛੋਂ ਦੀਆਂ ਪੈਣ ਕਣੀਆਂ
ਮੇਰਾ ਭਿੱਜ ਗਿਆ ਵਰੀ ਦਾ ਲਹਿੰਗਾ।
ਕੋਈ ਸੋਹਣੀ ਮੁਟਿਆਰ ਮਾਣ-ਮੱਤੀ ਹੋ ਕੇ ਗੇੜਾ ਦਿੰਦੀ—
ਤਾਈਆਂ..
ਗਿੱਧੇ ਵਿੱਚ ਨੱਚਦੀ ਦਾ
ਦਿੰਦਾ ਰੂਪ ਦੁਹਾਈਆਂ।
ਇੰਝ ਗਿੱਧਾ ਪੂਰੇ ਜੋਬਨ ‘ਤੇ ਆ ਜਾਂਦਾ। ਕੁੜੀਆਂ-ਵਹੁਟੀਆਂ ਨੱਚਦੀਆਂ, ਮੋਰ ਨੱਚਦੇ, ਸਾਉਣ ਨੱਚਦਾ, ਕੁਦਰਤ ਨੱਚਦੀ..। ਗੱਭਰੂ ਦੂਰ ਖੜ੍ਹੇ ਹੌਂਕੇ ਭਰਦੇ। ਗਿਧਿਆਂ ਵਿੱਚ ਨੱਚਦੇ ਹੁਸਨ ਵਿੱਚ ਕੋਈ ਕਿਸੇ ਦੀ ਪ੍ਰੇਮਿਕਾ ਵੀ ਹੁੰਦੀ। ਕੋਈ-ਕੋਈ ਦੂਰੋਂ ਹੀ ਛੁਰਲੀ ਛੱਡਦਾ—
ਨੀ ਤੂੰ ਤੀਆਂ ਦੇ ਬਹਾਨੇ ਆ ਜਾ
ਮਿੱਤਰਾਂ ਦੀ ਰੂਹ ਠਾਰਜਾ
ਆਪਣੀ ਪ੍ਰੇਮਿਕਾ ਨੂੰ ਧੁੱਪ ‘ਚ ਬੇਹਾਲ ਹੁੰਦੀ ਵੇਖ ਕੋਈ ਗੱਭਰੂ ਕਹਿ ਉੱਠਦਾ-
ਨੀ ਜੇ ਤੈਨੂੰ ਧੁੱਪ ਲੱਗਦੀ।
ਲੈ-ਲੈ ਚਾਦਰਾ ਮੇਰਾ।
ਕੋਈ ਆਪਣੇ ਵਿੱਛੜੇ ਸਾਥੀ ਦੀ ਯਾਦ ‘ਚ ਸਿਸਕੀ ਲੈਂਦੀ-
ਅੰਬੀਆਂ ਨੂੰ ਲੱਗ ਗਿਆ ਨਿੱਕਾ-ਨਿੱਕਾ ਬੂਰ ਨੀ
ਰੁੱਤ ਆਈ ਅੰਬਾਂ ਵਾਲੀ, ਚੰਨ ਮੇਰਾ ਦੂਰ ਨੀ
ਇਸ ਤਰ੍ਹਾਂ ਸਾਉਣ ਮਹੀਨੇ ਦੀ ਖੁਸ਼ਬੋਈ ਮਿੱਠੇ-ਮਿੱਠੇ ਨਿਹੋਰਿਆਂ ਨਾਲ ਚੌਗਿਰਦੇ ਫੈਲ ਜਾਂਦੀ।
ਆਖਰੀ ਦਿਨ ਬੱਲੋ ਪੈਂਦੀ, ਜਿਸਦੀ ਰੌਣਕ ਦੇਖਦਿਆਂ ਹੀ ਬਣਦੀ। ਚਾਰੇ ਪਾਸੇ ਗੁਲਗੁਲੇ, ਪੂੜੇ, ਮੱਠੀਆਂ ਦੀ ਮਹਿਕ, ਹਾਸੇ-ਮਖੌਲ, ਤਾੜੀਆਂ ਦੀ ਗੜਗੜਾਹਟ ਅਤੇ ਮਿਲਣਾ-ਮਿਲਾਉਣਾ। ‘ਤੇ ਅੰਤ ਕੁਆਰੀਆਂ-ਵਿਆਹੀਆਂ ਬੋਲੀ ਚੁੱਕਦੀਆਂ–
ਸਾਉਣ ਵੀਰ ‘ਕੱਠੀਆਂ ਕਰੇ
ਭਾਦੋਂ ਚੰਦਰੀ ਵਿਛੋੜੇ ਪਾਵੇ।
ਉਹ ਵੇਲ਼ੇ ਸੀ ਭਲੇ ਲੋਕਾਂ ਦੇ, ਅਪਣੱਤ-ਭਰੇ, ਸਵਾਦਲੇ, ਨੇਕ ਜ਼ਮਾਨੇ..। ਕਿੰਨਾ ਮੋਹ ਸੀ ਰਿਸ਼ਤਿਆਂ ਵਿੱਚ..। ਵਿਹੜਿਆਂ ਵਿੱਚ ਰੌਣਕਾਂ ਸਨ, ਨਿੰਮਾਂ-ਡੇਕਾਂ ਦੀਆਂ ਛਾਵਾਂ ਥੱਲੇ ਕੁੜੀਆਂ-ਚਿੜੀਆਂ ਚਹਿਕਦੀਆਂ ਸਨ ਤੇ ਰਿਸ਼ਤੇ ਗੁਟਗਦੇ ਸਨ। ਪਰ ਅੱਜ ਨਾ ਰਿਸ਼ਤਿਆਂ ਦੇ ਨਿੱਘ, ਨਾ ਸਾਉਣ ਮਹੀਨੇ ਦੀਆਂ ਫੁਹਾਰਾਂ ਮਾਨਣ ਦੀ ਕਿਸੇ ਕੋਲ਼ ਵਿਹਲ। ਨਾ ਧੀਆਂ ਤੇ ਨਾ ਹੀ ਤੀਆਂ..।
ਸੰਪਰਕ: 999112433