ਵਾਸ਼ਿੰਗਟਨ : ਸੰਯੁਕਤ ਰਾਸ਼ਟਰ ‘ਚ ਭਾਰਤ ਨੂੰ ਅੱਤਵਾਦ ਦਾ ਸਮਰਥਕ ਐਲਾਨਨ ਦੀ ਪਾਕਿਸਤਾਨ ਦੀ ਨਾਪਾਕ ਕੋਸ਼ਿਸ਼ ਅਸਫਲ ਹੋ ਗਈ ਹੈ। ਅਮਰੀਕਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ‘ਚ ਪਾਕਿਸਤਾਨ ਦੇ ਇਸ ਪ੍ਰਸਤਾਵ ਨੂੰ ਰੋਕ ਦਿੱਤਾ ਹੈ। ਦਰਅਸਲ ਸੰਯੁਕਤ ਰਾਸ਼ਟਰ (ਯੂਐਨ) ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਨੇਤਾ ਮਸੂਦ ਅਜ਼ਹਰ ਨੂੰ ਵਿਸ਼ਵਵਿਆਪੀ ਅੱਤਵਾਦੀ ਐਲਾਨਿਆ ਹੋਇਆ ਹੈ।
ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਨੇ ਬੀਤੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (ਯੂਐਨਐਸਸੀ) ਦੇ ਸਾਰੇ ਮੈਂਬਰਾਂ ਨੂੰ ਰਸਮੀ ਤੌਰ ‘ਤੇ ਸੂਚਿਤ ਕਰ ਦਿੱਤਾ ਸੀ ਕਿ ਉਹ ਪਾਕਿਸਤਾਨ ਦੇ ਪ੍ਰਸਤਾਵ ਨੂੰ ਅਧਿਕਾਰਤ ਰੂਪ ਵਿੱਚ ਰੋਕ ਰਿਹਾ ਹੈ। ਇਸ ਪ੍ਰਸਤਾਵ ਦੇ ਜ਼ਰੀਏ ਪਾਕਿਸਤਾਨ ਨੇ ਅਫਗਾਨਿਸਤਾਨ ‘ਚ ਸਥਿਤ ਭਾਰਤ ਦੇ ਇੱਕ ਉਸਾਰੀ ਇੰਜੀਨੀਅਰ ਵੇਨੂ ਮਾਧਵ ਡੋਂਗਰਾ ਨੂੰ ਵਿਸ਼ਵਵਿਆਪੀ ਅੱਤਵਾਦੀ ਘੋਸ਼ਿਤ ਕਰਨ ਦੀ ਸਾਜਿਸ਼ ਰਚੀ ਸੀ ਅਤੇ ਪਾਕਿਸਤਾਨ ਨੇ ਡੋਂਗਰਾ ‘ਤੇ ਅੱਤਵਾਦੀ ਹਮਲਿਆਂ ਦੇ ਵਿੱਤਪੋਸ਼ਣ ਅਤੇ ਅੱਤਵਾਦੀ ਤਹਿਰੀਕ-ਏ-ਤਾਲਿਬਾਨ ਨਾਲ ਸਬੰਧ ਰੱਖਣ ਦਾ ਦੋਸ਼ ਲਗਾਇਆ ਸੀ। ਪਰ ਗੁਆਂਢੀ ਮੁਲਕ ਦੀ ਇਹ ਯੋਜਨਾ ਕਾਮਯਾਬ ਨਹੀਂ ਹੋ ਸਕੀ।
ਵੇਨੂ ਮਾਧਵ ਡੋਂਗਾਰਾ ਜੋ ਅਫਗਾਨਿਸਤਾਨ ‘ਚ ਸਥਿਤ ਇੱਕ ਭਾਰਤੀ ਨਿਰਮਾਣ ਕੰਪਨੀ ਵਿੱਚ ਕੰਮ ਕਰਦਾ ਹੈ ਉਨ੍ਹਾਂ ਚਾਰ ਭਾਰਤੀਆਂ ‘ਚੋਂ ਇੱਕ ਹੈ ਜਿਨ੍ਹਾਂ ਨੂੰ ਪਾਕਿਸਤਾਨ ਨੇ ਆਪਣੇ ਖੇਤਰ ‘ਚ ਹੋਈ ਅੱਤਵਾਦੀ ਗਤੀਵਿਧੀਆਂ ਨਾਲ ਜੋੜਿਆ ਹੈ। ਪਾਕਿਸਤਾਨ ਚੀਨ ਦੀ ਮਦਦ ਨਾਲ ਡੋਂਗਾਰਾ ਨੂੰ ਯੂ.ਐਨ.ਐਸ.ਸੀ. ਰਾਹੀਂ ਗਲੋਬਲ ਅੱਤਵਾਦੀ ਘੋਸ਼ਿਤ ਕਰਵਾਉਣਾ ਚਾਹੁੰਦਾ ਹੈ।
ਇਕ ਰਿਪੋਰਟ ਅਨੁਸਾਰ, ਪਾਕਿਸਤਾਨ ਬੇਸ਼ਕ ਡੋਂਗਾਰਾ ਖਿਲਾਫ ਕੋਈ ਨਵਾਂ ਸਬੂਤ ਪੇਸ਼ ਕਰਨ ਵਿਚ ਅਸਮਰਥ ਸੀ। ਅਮਰੀਕਾ ਨੈ ਡੋਂਗਰਾ ਵਿਰੁੱਧ ਆਏ ਪ੍ਰਸਤਾਵ ਨੂੰ ਅਧਿਕਾਰਤ ਰੂਪ ਨਾਲ ਰੋਕ ਦਿੱਤਾ। ਜਿਸ ਨਾਲ ਇਹ ਪ੍ਰਸਤਾਵ ਹੁਣ ਖਤਮ ਹੋ ਗਿਆ ਹੈ ਅਤੇ ਜੇਕਰ ਪਾਕਿਸਤਾਨ ਹੋਰ ਕਾਰਵਾਈ ਕਰਨ ਚਾਹੀਦਾ ਹੈ ਤਾਂ ਇਸ ਲਈ ਉਸ ਨੂੰ ਨਵਾਂ ਪ੍ਰਸਤਾਵ ਪੇਸ਼ ਕਰਨਾ ਹੋਵੇਗਾ। ਇਸ ਤੋਂ ਪਹਿਲਾਂ ਚਾਰ ਵਾਰ ਚੀਨ ਨੇ ਅਜਹਰ ਨੂੰ ਅੱਤਵਾਦੀ ਘੋਸ਼ਿਤ ਕਰਨ ਵਾਲੇ ਪ੍ਰਸਤਾਵ ਨੂੰ ਬਲਾਕ ਕਰ ਦਿੱਤਾ ਸੀ। ਹਾਲਾਂਕਿ, 2019 ਵਿੱਚ, ਯੂਐਨਐਸਸੀ ਦੇ ਮੈਂਬਰਾਂ ਨੇ ਅਜ਼ਹਰ ਨੂੰ ਇੱਕ ਵਿਸ਼ਵਵਿਆਪੀ ਅੱਤਵਾਦੀ ਘੋਸ਼ਿਤ ਕੀਤਾ ਸੀ।