ਨਵੀਂ ਦਿੱਲੀ: ਭਾਰਤ ਅਤੇ ਚੀਨ ਦੇ ਵਿੱਚ ਇਸ ਵੇਲੇ ਤਣਾਅ ਦੀ ਹਾਲਤ ਬਣੀ ਹੋਈ ਹੈ। ਕਿਸੇ ਵੀ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਲਈ ਫੌਜ ਤੋਂ ਲੈ ਕੇ ਹਵਾਈ ਫੌਜ ਅਲਰਟ ‘ਤੇ ਹੈ। ਇਸ ਵਿੱਚ ਬੁੱਧਵਾਰ ਦੀ ਦੇਰ ਰਾਤ ਨੂੰ ਹਵਾਈ ਫੌਜ ਮੁਖੀ RKS ਭਦੌਰੀਆ ਨੇ ਲੇਹ ਏਅਰਬੇਸ ਦਾ ਦੌਰਾ ਕੀਤਾ। ਹਵਾਈ ਫੌਜ ਇਸ ਵੇਲੇ ਲੇਹ-ਲਦਾਖ ਇਲਾਕੇ ‘ਚ ਅਲਰਟ ‘ਤੇ ਹੈ, ਅਜਿਹੇ ਵਿੱਚ ਇਹ ਦੌਰਾ ਖਾਸ ਹੈ।
ਸੂਤਰਾਂ ਦੀ ਮੰਨੀਏ ਤਾਂ ਹਵਾਈ ਫੌਜ ਮੁਖੀ ਆਰਕੇਐਸ ਭਦੌਰਿਆ ਬੁੱਧਵਾਰ ਰਾਤ ਨੂੰ ਸ੍ਰੀਨਗਰ- ਲੇਹ ਏਅਰਬੇਸ ‘ਤੇ ਪੁੱਜੇ। ਚੀਫ ਆਫ ਡਿਫੈਂਸ ਸਟਾਫ ਬਿਪਿਨ ਰਾਵਤ ਅਤੇ ਫੌਜ ਮੁਖੀ ਐਮਐਮ ਨਰਵਣੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਇਹ ਦੌਰਾ ਸ਼ੁਰੂ ਹੋਇਆ ਸੀ।
ਚੀਨ ਦੇ ਨਾਲ ਜਾਰੀ ਵਿਵਾਦ ਵਿੱਚ ਬਾਰਡਰ ਦੇ ਕੋਲ ਲੇਹ ਅਤੇ ਸ੍ਰੀਨਗਰ ਏਅਰਬੇਸ ਕਾਫ਼ੀ ਅਹਿਮ ਹਨ। ਅਜਿਹੇ ਵਿੱਚ ਹਵਾਈ ਫੌਜ ਮੁਖੀ ਨੇ ਇੱਥੇ ਦੀ ਤਿਆਰੀ ਅਤੇ ਜ਼ਰੂਰਤਾਂ ਦਾ ਜਾਇਜ਼ਾ ਲਿਆ।
ਦੱਸ ਦਈਏ ਕਿ ਹਵਾਈ ਫੌਜ ਨੇ ਮਿਰਾਜ 2000 ਦੀ ਫਲੀਟ ਨੂੰ ਵੀ ਲਦਾਖ ਖੇਤਰ ਦੇ ਕੋਲ ਸ਼ਿਫਟ ਕਰ ਲਿਆ ਹੈ, ਤਾਂਕਿ ਚੀਨ ਦੇ ਕੋਲ ਬਾਰਡਰ ‘ਤੇ ਤੁਰੰਤ ਲਿਆਇਆ ਜਾ ਸਕੇ। ਇਸ ਫਲੀਟ ਨੇ ਬਾਲਾਕੋਟ ਵਿੱਚ ਏਅਰ ਸਟਰਾਈਕ ਕੀਤੀ ਸੀ। ਇਸ ਤੋਂ ਪਹਿਲਾਂ ਸੁਖੋਈ-30 ਨੂੰ ਵੀ ਅਲਰਟ ‘ਤੇ ਰੱਖਿਆ ਗਿਆ ਅਤੇ ਉੱਪਰ ਦੇ ਏਅਰਬੇਸ ‘ਤੇ ਤਾਇਨਾਤ ਕੀਤਾ ਗਿਆ ਹੈ।