ਚੰਡੀਗੜ੍ਹ ( ਦਰਸ਼ਨ ਸਿੰਘ ਖੋਖਰ ): ਅਕਾਲੀ ਦਲ ਟਕਸਾਲੀ ਦੇ ਆਗੂਆਂ ਨੇ ਫਿਰ ਤੋਂ ਸਿਆਸੀ ਸਰਗਰਮੀਆਂ ਲਈ ਕਮਰਕਸੇ ਕਰ ਲਏ ਹਨ। ਅੱਜ ਅਕਾਲੀ ਦਲ ਟਕਸਾਲੀ ਦੀ ਕੋਰ ਕਮੇਟੀ ਦੀ ਮੀਟਿੰਗ ਪਾਰਟੀ ਪ੍ਰਧਾਨ ਅਰਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਮਤਾ ਪਾਸ ਕਰਕੇ ਬ੍ਰਹਮਪੁਰਾ ਨੂੰ ਇਹ ਅਧਿਕਾਰ ਦਿੱਤੇ ਗਏ ਕਿ ਉਹ ਪੰਥਕ ਏਕਤਾ ਲਈ ਸੁਖਦੇਵ ਸਿੰਘ ਢੀਂਡਸਾ ਨਾਲ ਗੱਲਬਾਤ ਕਰਨਗੇ। ਉਸ ਤੋਂ ਬਾਅਦ ਫਿਰ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਕੀਤੀ ਜਾਵੇਗੀ ਜਿਸ ਵਿੱਚ ਹੋਰਨਾਂ ਪੰਥਕ ਧਿਰਾਂ ਨੂੰ ਇੱਕ ਝੰਡੇ ਹੇਠ ਲਿਆਉਣ ਲਈ ਮੀਟਿੰਗਾਂ ਕੀਤੀਆਂ ਜਾਣਗੀਆਂ।
ਇਸ ਬਾਰੇ ਜਾਣਕਾਰੀ ਦਿੰਦਿਆਂ ਪਾਰਟੀ ਦੇ ਆਗੂ ਬੀਰਦਵਿੰਦਰ ਸਿੰਘ ਤੇ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਵਿੱਚ ਕਾਂਗਰਸ ਅਤੇ ਅਕਾਲੀ ਦਲ ਬਾਦਲ ਨੂੰ ਛੱਡ ਕੇ ਸਾਰੀਆਂ ਧਿਰਾਂ ਨਾਲ ਪੰਜਾਬ ਦੇ ਬਹੁਪੱਖੀ ਵਿਕਾਸ ਲਈ ਸਮਝੌਤਾ ਕਰੇਗੀ। ਉਨ੍ਹਾਂ ਦੀ ਕੋਸ਼ਿਸ਼ ਇਹ ਹੈ ਕਿ ਪੰਜਾਬ ਵਿੱਚ ਤੀਜੇ ਬਦਲ ਦੀ ਉਸਾਰੀ ਕੀਤੀ ਜਾਵੇ ਜਿਸ ਵਿੱਚ ਸੁਖਪਾਲ ਸਿੰਘ ਖਹਿਰਾ, ਬੈਂਸ ਭਰਾ, ਡਾਕਟਰ ਧਰਮਵੀਰ ਗਾਂਧੀ,ਬਹੁਜਨ ਸਮਾਜ ਪਾਰਟੀ ਅਤੇ ਹੋਰਨਾ ਪੰਜਾਬ ਪੱਖੀ ਧਿਰਾਂ ਅਤੇ ਆਗੂਆਂ ਨੂੰ ਨਾਲ ਲੈ ਕੇ ਚੱਲਿਆ ਜਾਵੇ।
ਇਨ੍ਹਾਂ ਆਗੂਆਂ ਨੇ ਸਪੱਸ਼ਟ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਿੰਨਾ ਚਿਰ ਕਾਂਗਰਸ ਵਿੱਚ ਹਨ ਉਨ੍ਹਾਂ ਚਿਰ ਉਨ੍ਹਾਂ ਨਾਲ ਪਾਰਟੀ ਜਾਂ ਤੀਜੇ ਬਦਲ ਵਿੱਚ ਸਮੂਲੀਅਤ ਲਈ ਗੱਲਬਾਤ ਨਹੀਂ ਚਲਾਈ ਜਾਵੇਗੀ। ਇਨ੍ਹਾਂ ਆਗੂਆਂ ਨੇ ਇਹ ਵੀ ਕਿਹਾ ਕਿ ਭਾਰਤੀ ਜਨਤਾ ਪਾਰਟੀ ਨਾਲ ਉਨ੍ਹਾਂ ਦੀ ਅਜੇ ਤੀਜੇ ਬਦਲ ਵਾਸਤੇ ਕੋਈ ਗੱਲਬਾਤ ਨਹੀਂ ਚੱਲ ਰਹੀ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਸਾਂਝ ਅਕਾਲੀ ਦਲ ਬਾਦਲ ਨਾਲ ਹੈ।ਜੇਕਰ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਟੁਟੇਗਾ ਤਾਂ ਬੀਜੇਪੀ ਨਾਲ ਹੀ ਗੱਲਬਾਤ ਚਲਾਈ ਜਾ ਸਕਦੀ ਹੈ।
ਪੰਜਾਬੀ ਤੇ ਅੰਗਰੇਜ਼ੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਆਪਣੇ ਫੋਨ ‘ਤੇ ਐਪ ਡਾਊਨਲੋਡ ਕਰੋ: