-ਅਵਤਾਰ ਸਿੰਘ
ਵਿਗਿਆਨੀ ਕਾਰਲ ਲੈਂਡਸਟੀਨਰ ਦਾ ਜਨਮ ਆਸਟਰੀਆ ਦੇਸ਼ ਦੀ ਰਾਜਧਾਨੀ ਵੀਆਨਾ ਵਿਚ ਪਿਤਾ ਲੀਪੋਲਡ ਦੇ ਘਰ ਮਾਤਾ ਫੈਂਨੀ ਦੀ ਕੁਖੋਂ ਹੋਇਆ। ਅਜੇ ਉਹ ਮਹਿਜ਼ ਛੇ ਸਾਲ ਦੇ ਸਨ ਕਿ ਉਸਦੇ ਪਿਤਾ ਦਾ ਦੇਹਾਂਤ ਹੋ ਗਿਆ ਤੇ ਮਾਤਾ ਨੂੰ ਪਾਲਣ ਪੋਸ਼ਣ ਕਰਨਾ ਪਿਆ।
ਲੈਂਡਸਟੀਨਰ ਨੇ ਖੋਜ ਰਾਂਹੀ ਇਹ ਪਤਾ ਲਾਇਆ ਕਿ ਕਿਸੇ ਇਕ ਵਿਅਕਤੀ ਦਾ ਖੂਨ ਦੂਜੇ ਵਿਅਕਤੀ ਨੂੰ ਨਹੀਂ ਚੜਾਇਆ ਜਾ ਸਕਦਾ ਕਿਉਂਕਿ ਹਰੇਕ ਵਿਅਕਤੀ ਦੇ ਖੂਨ ਦਾ ਗਰੁੱਪ ਖਾਸ ਕਿਸਮ ਦਾ ਹੁੰਦਾ ਹੈ।
ਦੋ ਵਿਅਕਤੀਆਂ ਦੇ ਵੱਖੋ ਵੱਖਰੇ ਬਲੱਡ ਗਰੁਪ ਸੰਪਰਕ ਵਿੱਚ ਆਉਣ ਨਾਲ ਖੂਨ ਦੇ ਅਣੂਆਂ ਤੇ ਉਲਟ ਪ੍ਰਭਾਵ ਪੈਂਦਾ ਹੈ। 1901 ਵਿੱਚ ਕਾਰਲ ਨੇ ਇਨਸਾਨੀ ਖੂਨ ਦੇ ਏ ਬੀ ਓ ਬਲਡ ਗਰੁਪਾਂ ਦੀ ਅਤੇ 1937 ਵਿੱਚ ਇਕ ਹੋਰ ਵਿਗਿਆਨੀ ਅਲੈਗਜੈਂਡਰ ਐਸ ਵਾਇਨਰ ਨਾਲ ਮਿਲ ਕੇ ਆਰ ਐਚ ਫੈਕਟਰ ਦੀ ਖੋਜ ਕੀਤੀ।
ਇਸ ਖੋਜ ਸਦਕਾ ਹੀ ਖੂਨ ਦੀ ਅਦਲਾ ਬਦਲੀ ਦਾ ਕੰਮ ਚਲ ਰਿਹਾ ਤੇ ਲੱਖਾਂ ਲੋਕਾਂ ਦੀ ਜਿੰਦਗੀ ਬਚਾਈ ਜਾ ਰਹੀ ਹੈ। ਉਨ੍ਹਾਂ ਨੂੰ ਇਸੇ ਕਰਕੇ ਸਰੀਰ ਕਿਰਿਆ ਵਿਗਿਆਨ ਤੇ ਮੈਡੀਸਨ ਖੇਤਰ ਵਿੱਚ ਕੀਤੀਆਂ ਖੋਜਾਂ ਸਦਕਾ ਨੋਬਲ ਇਨਾਮ 1930 ਵਿੱਚ ਮਿਲਿਆ।
ਉਨ੍ਹਾਂ ਨੂੰ ਟਰਾਂਸਫਿਊਜ਼ਨ ਦੇ ਪਿਤਾਮਾ ਕਿਹਾ ਜਾਂਦਾ ਹੈ। ਉਨ੍ਹਾਂ ਨੇ 1909 ਵਿੱਚ ਵਿਗਿਆਨੀ ਐਰਵਿਨ ਪੂਪਰ ਨਾਲ ਮਿਲ ਕੇ ਪੋਲੀਉ ਵਾਇਰਸ ਦੀ ਖੋਜ ਕੀਤੀ।
26 ਜੂਨ 1943 ਨੂੰ ਇਹ ਮਹਾਨ ਵਿਗਿਆਨੀ ਨਿਊਯਾਰਕ ਵਿੱਚ ਸੰਸਾਰ ਨੂੰ ਅਲਵਿਦਾ ਕਹਿ ਗਿਆ। ਸਾਲ 2004 ਵਿੱਚ ਵਿਸ਼ਵ ਸਿਹਤ ਸੰਸਥਾ ਤੇ ਰੈੱਡ ਕਰਾਸ ਸੁਸਾਇਟੀਆਂ ਨੇ ਖੂਨ ਦਾਨ ਕਰਨ ਵਾਲਿਆਂ ਨੂੰ ਉਤਸ਼ਾਹਤ ਕਰਨ ਲਈ ਹਰ ਸਾਲ ਵਿਸ਼ਵ ਖੂਨਦਾਨੀ ਦਿਵਸ ਮਨਾਉਣ ਦਾ ਫੈਸਲਾ ਕੀਤਾ।
ਉਸਦੇ ਜਨਮ ਦਿਨ ‘ਤੇ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਸਨਮਾਨਿਤ ਕਰਕੇ ਵਿਸ਼ਵ ਖੂਨਦਾਨੀ ਦਿਵਸ World Blood Donor Day ਮਨਾਇਆ ਜਾਂਦਾ ਹੈ। “ਖੂਨਦਾਨ- ਜੀਵਨਦਾਨ, ਖੂਨਦਾਨ-ਮਹਾਨ ਦਾਨ” ਸਵੈ ਇਛਾ ਨਾਲ ਦਾਨ ਕੀਤਾ ਖੂਨ ਕਈ ਕੀਮਤੀ ਜਿੰਦਗੀਆਂ ਨੂੰ ਬਚਾ ਸਕਦਾ ਹੈ।
ਖੂਨ ਦਾਨ ਕਰਨ ਜਾਂ ਲੈਣ ਵੇਲੇ ਕੋਈ ਜਾਤ-ਪਾਤ, ਊਚ ਨੀਚ, ਧਰਮ, ਗਰੀਬ ਅਮੀਰ ਨਹੀ ਵੇਖਿਆ ਜਾਂਦਾ। ਇਸ ਦਿਨ ਖੂਨਦਾਨ ਕੈਂਪ ਲਾਏ ਜਾਂਦੇ ਹਨ।ਕੋਈ ਵੀ ਤੰਦਰੁਸਤ (ਬਿਮਾਰੀ ਰਹਿਤ) ਵਿਅਕਤੀ 18 ਤੋਂ 50 ਸਾਲ ਤਕ ਤਿੰਨ ਮਹੀਨੇ ਬਾਅਦ ਦੁਬਾਰਾ ਖੂਨਦਾਨ ਕਰ ਸਕਦਾ ਹੈ। ਇਸ ਨਾਲ ਕੋਈ ਕਮਜੋਰੀ ਨਹੀ ਹੁੰਦੀ। 70% ਲੋਕ ਸਵੈ ਇੱਛਾ ਨਾਲ ਤੇ 30% ਰਿਸ਼ਤੇਦਾਰ, ਦੋਸਤ ਖੂਨ ਦਾਨ ਕਰਦੇ ਹਨ। ਕਈ ਸ਼ਖਸੀਅਤਾਂ ਅਜਿਹੀਆਂ ਵੀ ਹਨ ਜਿਨ੍ਹਾਂ ਨੇ 50 ਤੋਂ ਵੱਧ ਵਾਰ ਖੂਨ ਦਾਨ ਕੀਤਾ ਹੈ।
ਬਹੁਤ ਸਾਰੇ ਸ਼ਹਿਰਾਂ ਤੇ ਕਸਬਿਆਂ ਵਿਚ ਖੂਨ ਦਾਨ ਕਰਨ ਵਾਲੀਆਂ ਸੰਸਥਾਵਾਂ ਬਣੀਆਂ ਹੋਈਆਂ ਹਨ ਹੁਣ ਸ਼ੋਸਲ ਮੀਡੀਏ (ਵੈਟਸਅਪ) ‘ਤੇ ਵੀ ਖੂਨਦਾਨੀਆਂ ਦੇ ਗਰੁਪ ਬਣੇ ਹੋਏ ਹਨ।
ਸੰਪਰਕ : 78889-73676