ਲੁਧਿਆਣਾ : ਖੇਤੀ ਨਾਲ ਸੰਬੰਧਤ ਹਲਕਿਆਂ ਵਿੱਚ ਇਹ ਖਬਰ ਬੇਹੱਦ ਖੁਸ਼ੀ ਵਾਲੀ ਹੈ ਕਿ ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਅਤੇ ਪ੍ਰਸਿੱਧ ਭੂਮੀ ਮਾਹਿਰ ਡਾ. ਰਤਨ ਲਾਲ ਨੂੰ 2020 ਦੇ ਵਰਲਡ ਫੂਡ ਪ੍ਰਾਈਜ਼ ਨਾਲ ਨਿਵਾਜ਼ਿਆ ਗਿਆ ਹੈ। ਡਾ. ਰਤਨ ਲਾਲ ਨੇ ਭੋਜਨ ਉਤਪਾਦਨ ਲਈ ਭੂਮੀ ਆਧਾਰਿਤ ਕੁਦਰਤੀ ਸਰੋਤਾਂ ਦੀ ਸੰਭਾਲ ਵਾਲਾ ਜੋ ਮਾਡਲ ਖੇਤੀ ਸੰਸਾਰ ਨੂੰ ਦਿੱਤਾ ਉਸਦੇ ਮੱਦੇਨਜ਼ਰ ਉਹਨਾਂ ਦੇ ਨਾਮ ਨੂੰ ਇਸ ਐਵਾਰਡ ਲਈ ਚੁਣਿਆ ਗਿਆ ਹੈ। 11 ਜੂਨ 2020 ਨੂੰ ਇਸ ਇਨਾਮ ਦੀ ਘੋਸ਼ਣਾ ਵਰਲਡ ਫ਼ੂਡ ਪ੍ਰਾਈਜ਼ ਫਾਊਂਡੇਸ਼ਨ ਦੀ ਪ੍ਰਧਾਨ ਬਾਰਬਰਾ ਸਟਿਨਸਨ ਨੇ ਆਨਲਾਈਨ ਸਮਾਗਮ ਦੌਰਾਨ ਕੀਤੀ। ਬਾਰਬਰਾ ਸਟਿਨਸਨ ਨੇ ਇਸ ਮੌਕੇ ਡਾ ਲਾਲ ਦੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ।
ਇਥੇ ਜ਼ਿਕਰਯੋਗ ਹੈ ਕਿ ਇਸ ਇਨਾਮ ਵਿੱਚ ਸੰਬੰਧਿਤ ਵਿਗਿਆਨੀ ਨੂੰ ਉਸਦੀਆਂ ਪ੍ਰਾਪਤੀਆਂ ਬਦਲੇ ਢਾਈ ਲੱਖ ਅਮਰੀਕਨ ਡਾਲਰ ਦੀ ਰਾਸ਼ੀ ਨਾਲ ਨਿਵਾਜ਼ਿਆ ਜਾਂਦਾ ਹੈ। ਅਮਰੀਕਾ ਵਿੱਚ ਵਸਦੇ ਭਾਰਤੀ ਮੂਲ ਦੇ ਡਾ. ਰਤਨ ਲਾਲ ਨੂੰ ਪੰਜ ਦਹਾਕਿਆਂ ਤੋਂ ਵੱਧ ਲੰਮੀਆਂ ਸੇਵਾਵਾਂ ਅਤੇ ਬਦਲਦੇ ਵਾਤਾਵਰਨ ਮੁਤਾਬਿਕ ਕੁਦਰਤੀ ਸਰੋਤਾਂ ਦੀ ਸੰਭਾਲ ਵਜੋਂ ਭੂਮੀ ਸੁਧਾਰ ਦਾ ਮਾਡਲ ਵਿਕਸਿਤ ਕਰਨ ਲਈ ਇਹ ਐਵਾਰਡ ਦਿੱਤਾ ਜਾਵੇਗਾ। ਡਾ ਰਤਨ ਲਾਲ ਭੂਮੀ ਖੋਜ ਪ੍ਰਤੀ ਆਪਣੇ ਉਤਸ਼ਾਹ ਭਰੇ ਖੋਜ ਕਾਰਜ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ 1990 ਵਿਚ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਮਿੱਟੀ ਵਿਚ ਕਾਰਬਨ ਅਤੇ ਜੈਵਿਕ ਮਾਦੇ ਦੇ ਵਾਧੇ ਨਾਲ ਨਾ ਸਿਰਫ ਮਿੱਟੀ ਦੀ ਸਿਹਤ ਹੀ ਚੰਗੀ ਹੁੰਦੀ ਹੈ ਬਲਕਿ ਇਸ ਨਾਲ ਹਵਾ ਦਾ ਮਿਆਰ ਵੀ ਬਿਹਤਰ ਹੁੰਦਾ ਹੈ। ਉਨ੍ਹਾਂ ਨੇ ਏਸ਼ੀਆ, ਅਫਰੀਕਾ ਅਤੇ ਦੱਖਣੀ ਅਮਰੀਕਾ ਵਿਚ ਭੂਮੀ ਸੁਧਾਰ ਪ੍ਰੋਗਰਾਮ ਤਹਿਤ ਗ਼ੈਰ ਵਹਾਈ ਤਕਨੀਕ ਦਾ ਪ੍ਰਸਾਰ ਕੀਤਾ ਅਤੇ ਨਾਲ ਹੀ ਮਿੱਟੀ ਦੀ ਰਖਿਆ ਅਤੇ ਪਾਣੀ ਦੀ ਸੰਭਾਲ ਲਈ ਛਾਂ-ਦਾਰ ਫਸਲਾਂ, ਮਲਚਿੰਗ ਅਤੇ ਖੇਤੀ ਜੰਗਲਾਤ ਦੇ ਵਰਤਾਰੇ ਨੂੰ ਉਤਸ਼ਾਹਿਤ ਕੀਤਾ। 76 ਸਾਲ ਦੇ ਡਾ. ਰਤਨ ਲਾਲ ਨੇ ਆਪਣੀ ਗਰੈਜੂਏਸ਼ਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਤੋਂ ਕੀਤੀ । 1960 ਦੇ ਦਹਾਕੇ ਵਿੱਚ ਉਹਨਾਂ ਨੇ ਆਪਣੀ ਸਿੱਖਿਆ ਪੀ.ਏ.ਯੂ. ਅਤੇ ਮਗਰੋਂ ਭਾਰਤੀ ਖੇਤੀ ਖੋਜ ਪ੍ਰੀਸ਼ਦ ਤੋਂ ਹਾਸਲ ਕੀਤੀ । ਪੀ.ਏ.ਯੂ ਵੱਲੋਂ 2001 ਵਿੱਚ ਉਨ੍ਹਾਂ ਨੂੰ ਡਾਕਟਰ ਆਫ਼ ਫਿਲਾਸਫੀ ਦੀ ਆਨਰੇਰੀ ਡਿਗਰੀ ਨਾਲ ਨਿਵਾਜਿਆ ਗਿਆ।
ਮੌਜੂਦਾ ਸਮੇਂ ਡਾ. ਰਤਨ ਲਾਲ ਅਮਰੀਕਾ ਦੀ ਓਹਾਈਓ ਰਾਜ ਯੂਨੀਵਰਸਿਟੀ ਦੇ ਕਾਰਬਨ ਪ੍ਰਬੰਧਨ ਕੇਂਦਰ ਦੇ ਮੋਢੀ ਨਿਰਦੇਸ਼ਕ ਅਤੇ ਭੂਮੀ ਵਿਗਿਆਨ ਦੇ ਪ੍ਰੋਫੈਸਰ ਵਜੋਂ ਕਾਰਜ ਕਰ ਰਹੇ ਹਨ। ਇਹ ਵੀ ਜ਼ਿਕਰਯੋਗ ਹੈ ਕਿ ਡਾ. ਗੁਰਦੇਵ ਸਿੰਘ ਖੁਸ਼ ਨੂੰ ਵਰਲਡ ਫੂਡ ਪ੍ਰਾਈਜ਼ ਮਿਲਣ ਤੋਂ ਬਾਅਦ ਪੀ.ਏ.ਯੂ. ਦੇ ਦੂਸਰੇ ਸਾਬਕਾ ਵਿਦਿਆਰਥੀ ਹਨ ਜਿਨ੍ਹਾਂ ਨੂੰ ਇਹ ਇਨਾਮ ਮਿਲਣ ਦਾ ਮਾਣ ਪ੍ਰਾਪਤ ਹੋ ਰਿਹਾ ਹੈ।
ਇਸ ਮੌਕੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਪੀ.ਏ.ਯੂ. ਦੇ ਸਮੁੱਚੇ ਅਮਲੇ ਦੀ ਤਰਫੋਂ ਡਾ. ਰਤਨ ਲਾਲ ਨੂੰ ਵਧਾਈ ਪੇਸ਼ ਕੀਤੀ । ਉਹਨਾਂ ਕਿਹਾ ਕਿ ਇਸ ਸ਼ਾਨਦਾਰ ਪ੍ਰਾਪਤੀ ਨਾਲ ਇਕ ਵਾਰ ਫਿਰ ਪੀ.ਏ.ਯੂ. ਦਾ ਸਿਰ ਵਿਸ਼ਵ ਪੱਧਰ ਤੇ ਮਾਣ ਨਾਲ ਉੱਚਾ ਹੋਇਆ ਹੈ । ਡਾ. ਢਿੱਲੋਂ ਨੇ ਡਾ. ਰਤਨ ਲਾਲ ਦੀਆਂ ਭੂਮੀ ਵਿਗਿਆਨ ਖੇਤਰ ਵਿੱਚ ਸੇਵਾਵਾਂ ਦੀ ਪ੍ਰਸ਼ੰਸਾ ਕਰਦਿਆਂ ਉਹਨਾਂ ਨੂੰ ਪੀ.ਏ.ਯੂ. ਨਾਲ ਲਗਾਤਾਰ ਜੁੜੇ ਰਹਿਣ ਦੀ ਅਪੀਲ ਕੀਤੀ । ਇਸ ਦੇ ਜਵਾਬ ਵਿੱਚ ਡਾ. ਰਤਨ ਲਾਲ ਨੇ ਈਮੇਲ ਰਾਹੀਂ ਪੀ.ਏ.ਯੂ. ਦੇ ਸਮੁੱਚੇ ਸਟਾਫ, ਅਧਿਕਾਰੀਆਂ ਅਤੇ ਵਿਸ਼ੇਸ਼ ਕਰਕੇ ਵਾਈਸ ਚਾਂਸਲਰ ਸਾਹਿਬ ਦਾ ਧੰਨਵਾਦ ਕੀਤਾ ਅਤੇ ਕਿਹਾ ਇਹ ਸਭ ਪੀ.ਏ.ਯੂ. ਨਾਲ ਜੁੜੇ ਲੋਕਾਂ ਦੇ ਪਿਆਰ, ਉਤਸ਼ਾਹ ਅਤੇ ਦੁਆਵਾਂ ਦੀ ਬਦੌਲਤ ਹੀ ਸੰਭਵ ਹੋਇਆ ਹੈ ਅਤੇ ਉਹ ਜ਼ਰੂਰ ਹੀ ਛੇਤੀ ਪੀ.ਏ.ਯੂ. ਆਉਣਗੇ।
ਖੇਤੀਬਾੜੀ ਕਾਲਜ ਦੇ ਡੀਨ ਡਾ ਐੱਸ ਐੱਸ ਕੁੱਕਲ ਨੇ ਐਲੂਮਨੀ ਐਸੋਸੀਏਸ਼ਨ ਵੱਲੋਂ ਵੀ ਡਾ. ਰਤਨ ਲਾਲ ਨੂੰ ਇਸ ਵਿਸ਼ਵ ਪੱਧਰੀ ਮਾਨ-ਸਨਮਾਨ ਲਈ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਖੇਤੀ-ਖੇਤਰ ਵਿਚ ਇਹ ਸਨਮਾਨ ਨੋਬਲ ਸਨਮਾਨ ਦੇ ਬਰਾਬਰ ਗਿਣਿਆ ਜਾਂਦਾ ਹੈ।