ਪਠਾਨਕੋਟ : ਸੁਬੇ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਸ ‘ਚ ਹੀ ਅੱਜ ਤੜਕਸਾਰ ਜ਼ਿਲ੍ਹਾ ਪਠਾਨਕੋਟ ‘ਚ ਕੋਰੋਨਾ ਦੇ 3 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਸਿਵਲ ਹਸਪਤਾਲ ਪਠਾਨਕੋਟ ਵੱਲੋਂ ਭੇਜੇ ਗਏ ਸੈਂਪਲਾਂ ਵਿਚੋਂ 3 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਪਠਾਨਕੋਟ ਡਾ: ਵਿਨੋਦ ਸਰੀਨ ਨੇ ਦੱਸਿਆ ਕਿ 156 ਸੈਂਪਲ ਅੰਮ੍ਰਿਤਸਰ ਭੇਜੇ ਗਏ ਸਨ, ਜਿਨ੍ਹਾਂ ਵਿਚੋਂ ਤਿੰਨ ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ ਅਤੇ 153 ਲੋਕਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਅੱਜ ਮਿਲੇ ਮਰੀਜ਼ਾਂ ‘ਚ ਇੱਕ ਮਰੀਜ਼ ਪਿੰਡ ਪੰਗੋਲੀ, ਇੱਕ ਚਾਰ ਮਰਲਾ ਕੁਆਟਰ ਪਠਾਨਕੋਟ ਅਤੇ ਇੱਕ ਪਿੰਡ ਗਿਆਨਪੁਰ ਭਨਵਾਲ ਸੁਜਾਨਪੁਰ ਦਾ ਰਹਿਣ ਵਾਲਾ ਹੈ।
ਦੱਸ ਦਈਏ ਕਿ ਬੀਤੇ ਦਿਨ ਜ਼ਿਲ੍ਹਾ ਪਠਾਨਕੋਟ ਆਈਸੋਲੇਸ਼ਨ ਹਸਪਤਾਲ ਚਿੰਤਪੂਰਨੀ ਮੈਡੀਕਲ ਕਾਲਜ ‘ਚੋਂ 7 ਲੋਕਾਂ ਨੂੰ ਸਿਹਤਯਾਬ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਸਿਵਲ ਸਰਜਨ ਡਾ. ਵਿਨੋਦ ਸਰੀਨ ਨੇ ਦੱਸਿਆ ਕਿ ਹੁਣ ਤੱਕ ਪਠਾਨਕੋਟ ‘ਚ 50 ਲੋਕ ਕੋਰੋਨਾ ਵਾਇਰਸ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇੱਕ ਹੀ ਉਦੇਸ਼ ਹੈ ‘ਮਿਸ਼ਨ ਫਤਿਹ’ ਭਾਵ ਕਿ ਹਰ ਤਰ੍ਹਾਂ ਨਾਲ ਕੋਰੋਨਾ ਵਾਇਰਸ ਬਿਮਾਰੀ ਦਾ ‘ਮਿਸ਼ਨ ਫਤਹਿ’ ਕੀਤਾ ਜਾਵੇ ਅਤੇ ਪੰਜਾਬ ‘ਚੋਂ ਇਸ ਬਿਮਾਰੀ ਨੂੰ ਜੜ੍ਹ ਤੋਂ ਖਤਮ ਕੀਤਾ ਜਾਵੇ।