-ਇਕਬਾਲ ਸਿੰਘ ਲਾਲਪੁਰਾ
ਸੋਮਵਾਰ 4 ਜੂਨ 1984 ਨੂੰ ਦਰਬਾਰ ਸਾਹਿਬ ਵੱਲ ਫੌਜ ਨੇ ਮੋਰਟਰ ਤੇ ਲਾਈਟ ਮਸ਼ੀਨ ਗੰਨਾਂ ਨਾਲ ਜਬਰਦਸਤ ਫਾਇਰਿੰਗ ਸਵੇਰੇ 4 ਵਜੇ ਸ਼ੁਰੂ ਕਰ ਦਿੱਤੀ। ਜਰਨਲ ਸ਼ੁਬੇਗ ਸਿੰਘ ਨੇ ਦਰਬਾਰ ਸਾਹਿਬ ਸਮੂਹ ਦੀਆਂ ਉਚੀਆ ਬਿਲਡਿੰਗਾਂ ਤੇ ਚਾਰੇ ਪਾਸੇ ਪੱਕੀ ਮੋਰਚਾਬੰਦੀ ਕੀਤੀ ਹੋਈ ਸੀ। ਹੇਠ ਕਮਰਿਆਂ ਵਿੱਚੋਂ ਵੀ ਖਾੜਕੂਆ ਵੱਲੋਂ ਫਾਇਰਿੰਗ ਹੋ ਰਹੀ ਸੀ।
ਬੁੰਗਾ ਰਾਮਗੜ੍ਹੀਆ ਤੇ ਗੁਰੂ ਨਾਨਕ ਨਿਵਾਸ ਦੇ ਪਿੱਛੇ ਪਾਣੀ ਦੀ ਟੈਂਕੀ ‘ਤੇ ਮੋਰਟਾਰ ਗੰਨ ਨਾਲ ਹਮਲਾ ਕੀਤਾ ਜਾ ਰਿਹਾ ਸੀ। ਇਤਿਹਾਸਿਕ ਬੁੰਗੇ ਨੂੰ ਕਾਫ਼ੀ ਨੁਕਸਾਨ ਪੁੱਜਿਆ। ਫ਼ੌਜੀ ਕਮਾਡੋਂ ਪਰਿਕਰਮਾ ਵਿੱਚ ਉਤਰਦੇ ਹੀ ਗੋਲ਼ੀਆਂ ਦਾ ਸ਼ਿਕਾਰ ਹੋਣ ਲੱਗ ਪਏ। ਦੋਵੇਂ ਪਾਸੇ ਭਾਰੀ ਜਾਨੀ ਨੁਕਸਾਨ ਹੋ ਰਿਹਾ ਸੀ।
ਸੰਤ ਜਰਨੈਲ ਸਿੰਘ, ਜਰਨਲ ਸ਼ੁਬੇਗ ਸਿੰਘ, ਭਾਈ ਅਮਰੀਕ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਮੋਰਚਾ ਲਾ ਕੇ ਬੈਠੇ ਸਨ। ਸੰਤ ਹਰਚੰਦ ਸਿੰਘ ਲੋੰਗੋਵਾਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਬਲਵੰਤ ਸਿੰਘ ਰਾਮੂਵਾਲੀਆ, ਮਨਜੀਤ ਸਿੰਘ ਤਰਨ ਤਾਰਨੀ , ਅਬਨਾਸ਼ੀ ਸਿੰਘ, ਸਾਰੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਰਿਹਾਇਸ਼ ਵਿੱਚ ਸਨ।
ਖਾੜਕੂ ਫੌਜ ਦਾ ਮੁਕਾਬਲਾ ਕਰ ਰਹੇ ਸਨ, ਅਕਾਲੀ ਆਗੂ ਦੋਹਰੀ ਮਾਰ ਥੱਲੇ ਸਨ। ਮਨੁੱਖਤਾ ਦਾ ਘਾਣ ਹੋ ਰਿਹਾ ਸੀ।
ਸੁਖਦੇਵ ਸਿੰਘ ਬੱਬਰ, ਮੋਹਣ ਸਿੰਘ ਬਜਾਜ ਆਦਿ ਬੱਬਰ ਗਲੀ ਬਾਗ਼ਬਾਲੀ ਵੱਲੋਂ ਪਹਿਲਾਂ ਹੀ ਖਿਸਕ ਗਏ ਸਨ।
ਇੰਦਰਜੀਤ ਸਿੰਘ ਬਾਗ਼ੀ ਵਰ੍ਹਦੀਆਂ ਗੋਲ਼ੀਆਂ ਵਿੱਚ ਬੀਬੀ ਅਮਰਜੀਤ ਕੋਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਰਦਾਰ ਗੁਰਚਰਨ ਸਿੰਘ ਟੌਹੜਾ ਦੀ ਰਿਹਾਇਸ਼ ਤੱਕ ਸ਼ਾਮ ਨੂੰ ਲੈ ਆਇਆ।
ਫ਼ੌਜੀ ਅਫਸਰਾਂ ਦੇ 2 ਘੰਟੇ ਵਿੱਚ ਸੰਤ ਜਰਨੈਲ ਸਿੰਘ ਤੇ ਸਾਥੀਆਂ ਨੂੰ ਕਾਬੂ ਕਰਨ ਦੇ ਦਮਗਜੇ ਸਹੀ ਸਾਬਤ ਨਹੀਂ ਸਨ ਹੋਏ।
ਫੌਜ ਸਾਰੇ ਪੰਜਾਬ ਵਿੱਚ ਕਾਰਵਾਈ ਕਰ ਰਹੀ ਸੀ 40 ਤੋਂ ਵੱਧ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਤਾਲਾਸ਼ੀ, ਗ੍ਰਿਫ਼ਤਾਰੀਆਂ ਤੇ ਮੁਕਾਬਲਿਆਂ ਵਿੱਚ ਲੋਕ ਮਰ ਰਹੇ ਸਨ।
ਬਾਹਰ ਕਰਫਿਊ ਦੀ ਸਖ਼ਤੀ ਸੀ ਤੇ ਅੰਦਰ ਗੋਲ਼ੀਆਂ ਨਾਲ ਸਭ ਨੂੰ ਅੰਦਰ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਸੀ, ਇਸੇ ਤਰ੍ਹਾਂ ਹੀ ਚਲ ਰਿਹਾ ਸੀ।
ਪੁਲਿਸ, ਸੀ ਆਰ ਪੀ ਤੇ ਬੀ ਐਸ ਐਫ ਫੌਜ ਥੱਲੇ ਕੰਮ ਕਰ ਰਹੀ ਸੀ, ਸਿਵਲ ਪ੍ਰਸ਼ਾਸਨ ਵੀ ਫੌਜ ਦੀ ਹਰ ਤਰ੍ਹਾਂ ਮਦਦ ਕਰ ਰਿਹਾ ਸੀ।
ਇਸ ਦਿਨ ਮਰਨ ਵਾਲ਼ਿਆਂ ਦੀ ਗਿਣਤੀ 100 ਤੋਂ ਟੱਪ ਗਈ ਸੀ।
ਵਾਹਿਗੁਰੂ ਜੀ ਕੀ ਫ਼ਤਿਹ !!
ਸੰਪਰਕ: 9780003333
(ਇਹ ਲੇਖ ਲੜੀ ਹਰ ਰੋਜ਼ ਓਪੀਨੀਅਨ ਪੇਜ ‘ਤੇ ਪੜ੍ਹੋ)
ਭਾਗ ਪਹਿਲਾ : ਸੱਚ ਕੀ ਬੇਲਾ : ਘੱਲੂਘਾਰਾ ਤੀਜਾ ਜਾਂ ਸਾਕਾ ਨੀਲਾ ਤਾਰਾ ਦੇ 36 ਸਾਲ ਪੂਰੇ !!