ਬਰੈਂਪਟਨ : ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਆਖਿਆ ਕਿ 2 ਜੁਲਾਈ ਤੋਂ ਬਰੈਂਪਟਨ ਟਰਾਂਜਿਟ ਵਿਚ ਸਫਰ ਕਰਨ ਵਾਲਿਆਂ ਲਈ ਫੇਸ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਉਨ੍ਹਾਂ ਆਖਿਆ ਕਿ ਇਹ ਨੌਨ-ਮੈਡੀਕਲ ਮਾਸਕ ਵੀ ਹੋ ਸਕਦੇ ਹਨ। ਮੇਅਰ ਨੇ ਇਹ ਵੀ ਆਖਿਆ ਕਿ ਉਨ੍ਹਾਂ ਵਲੋਂ ਇਹ ਅਪੀਲ ਵੀ ਕੀਤੀ ਜਾਂਦੀ ਹੈ ਕਿ ਸਥਾਨਕ ਵਾਸੀ ਬਸ ਸਟੌਪਜ, ਟਰਮੀਨਲ ਅਤੇ ਬੱਸਾਂ ਆਦਿ ਉਤੇ, ਜਿਥੇ ਹਮੇਸਾਂ ਫਿਜੀਕਲ ਡਿਸਟੈਂਸਿੰਗ ਸੰਭਵ ਨਹੀਂ ਹੁੰਦੀ ਉਨ੍ਹਾਂ ਥਾਵਾਂ ‘ਤੇ ਵੀ ਮਾਸਕ ਜ਼ਰੂਰ ਪਾਉਣ।
ਪੈਟ੍ਰਿਕ ਬ੍ਰਾਊਨ ਅਨੁਸਾਰ ਇਸ ਹਫ਼ਤੇ 179 ਸ਼ਿਕਾਇਤਾਂ ਮਿਲੀਆਂ ਹਨ। ਜਿਸ ਵਿੱਚੋਂ 19 ਬੈੱਕ ਯਾਰਡ ਵਿੱਚ ਪਾਰਟੀ ਕਰਨ ਨਾਲ ਸਬੰਧਤ ਅਤੇ 9 ਕ੍ਰਿਕਟ ਖੇਡਣ ਨਾਲ ਸਬੰਧਤ ਹਨ। ਪੈਟ੍ਰਿਕ ਨੇ ਸਭ ਨੂੰ ਅਪੀਲ ਕੀਤੀ ਕਿ ਬਰੈਂਪਟਨ ਟਰਾਂਜਿਟ ਵਿੱਚ ਸਫਰ ਕਰਨ ਸਮੇਂ ਫੇਸ ਮਾਸਕ ਪਾਉਣ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਨ ‘ਤੇ ਜਿੱਥੇ ਜ਼ੁਰਮਾਨਾ ਅਦਾ ਕਰਨਾ ਪੈਂਦਾ ਹੈ ਉੱਥੇ ਹੀ ਦੂਜਿਆਂ ਲਈ ਖਤਰਾ ਵੀ ਪੈਦਾ ਹੁੰਦਾ ਹੈ।
ਪੀਲ ਰੀਜਨ ਦੇ ਚੀਫ਼ ਮੈਡੀਕਲ ਅਧਿਕਾਰੀ ਡਾ: ਲਾਰੇਂਸ ਲੋਅ ਨੇ ਜਾਣਕਾਰੀ ਦਿੱਤੀ ਕਿ ਬਰੈਂਪਟਨ ਵਿੱਚ ਇਸ ਸਮੇਂ ਕੋਵਿਡ-19 ਦੇ 2496 ਕੇਸ ਹਨ। ਜਿਸ ਵਿੱਚੋਂ 1796 ਠੀਕ ਹੋ ਚੁੱਕੇ ਹਨ ਅਤੇ 626 ਐਕਟਿਵ ਕੇਸ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ‘ਚ ਹੁਣ ਤੱਕ ਕੋਰੋਨਾ ਨਾਲ 74 ਮੌਤਾਂ ਹੋਈਆਂ ਹਨ। ਡਾ: ਲੋਅ ਨੇ ਦੱਸਿਆ ਕਿ ਪੀਲ ਰੀਜਨ ਵਿੱਚ ਪਿਛਲੇ ਹਫ਼ਤੇ ਦੌਰਾਨ 50 ਕੇਸ ਰੋਜਾਨਾਂ ਆਉਦੇ ਸਨ ਪਰ ਇਸ ਹਫ਼ਤੇ ਇਹ ਅੰਕੜਾ ਘੱਟ ਕੇ 40 ਕੇਸਾਂ ‘ਤੇ ਆ ਗਿਆ ਹੈ ਅਤੇ ਇਸਨੂੰ ਸਭ ਨੇ ਕੋਸ਼ਿਸ਼ ਕਰਕੇ ਜ਼ੀਰੋ ਕੇਸ ਡੇਲੀ ‘ਤੇ ਲਿਆਉਣਾ ਹੈ।