ਲੱਦਾਖ ‘ਚ ਭਾਰਤ-ਚੀਨ ਸਰਹੱਦ ‘ਤੇ ਤਣਾਅਪੂਰਨ ਘਟਨਾਕ੍ਰਮ ਵਿਚਕਾਰ ਭਾਰਤ ਦੇ ਸਮਰਥਨ ਵਿੱਚ ਆਇਆ ਅਮਰੀਕਾ

TeamGlobalPunjab
2 Min Read

ਨਿਊਜ਼ ਡੈਸਕ : ਲੱਦਾਖ ਵਿਚ ਭਾਰਤ-ਚੀਨ ਸਰਹੱਦ ‘ਤੇ ਇਕ ਵਾਰ ਫਿਰ ਤਣਾਅ ਵਧਿਆ ਹੈ। ਇਸ ਦੌਰਾਨ ਬੁੱਧਵਾਰ ਨੂੰ ਦੁਨੀਆ ਦੀ ਮਹਾਂਸ਼ਕਤੀ ਅਮਰੀਕਾ ਨੇ ਭਾਰਤ ਦਾ ਸਮਰਥਨ ਕਰਦਿਆਂ ਚੀਨ ਦੇ ਰੁਖ ਦੀ ਅਲੋਚਨਾ ਕੀਤੀ ਹੈ। ਅਮਰੀਕਾ ਦੇ ਸੀਨੀਅਰ ਡਿਪਲੋਮੈਟ ਐਲਿਸ ਵੇਲਜ਼ ਨੇ ਚੀਨ ਦੇ ਵਤੀਰੇ ਨੂੰ ਭੜਕਾਊ ਅਤੇ ਪ੍ਰੇਸ਼ਾਨ ਕਰਨ ਵਾਲਾ ਦੱਸਿਆ ਹੈ। ਅਮਰੀਕੀ ਰਾਜਦੂਤ ਨੇ ਕਿਹਾ ਕਿ ਅਜਿਹੇ ਵਿਵਾਦ ਚੀਨ ਤੋਂ ਹਾਲ ਹੀ ਵਿੱਚ ਪੈਦਾ ਹੋਏ ਖ਼ਤਰੇ ਦੀ ਯਾਦ ਦਿਵਾਉਂਦੇ ਹਨ।

ਬੁੱਧਵਾਰ ਨੂੰ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਭਾਰਤ ਅਤੇ ਚੀਨੀ ਫੌਜ ਦੇ ਜਵਾਨਾਂ ਦਰਮਿਆਨ ਹੋਈ ਤਿੱਖੀ ਝੜਪ ਤੋਂ ਦੋ ਹਫਤਿਆਂ ਬਾਅਦ ਹਮਲਾਵਰ ਰੁਖ ਅਪਣਾਉਂਦਿਆਂ ਲੱਦਾਖ ਵਿੱਚ ਗਲਵਾਨ ਵੈਲੀ ਅਤੇ ਪੇਂਗੋਂਗ ਤਸੋ ਝੀਲ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਵਾਧੂ ਸੈਨਿਕਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ।

ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਦੱਖਣੀ ਅਤੇ ਪੱਛਮੀ ਏਸ਼ੀਆ ਵਿਭਾਗ ਦੇ ਮੁਖੀ ਐਲਿਸ ਵੇਲਜ਼ ਨੇ ਕਿਹਾ, “ਚੀਨੇ ਦੇ ਭੜਕਾਊ ਅਤੇ ਪ੍ਰੇਸ਼ਾਨ ਕਰਨ ਵਾਲੇ ਵਤੀਰੇ ਦੇ ਵਿਰੁੱਧ ਇੱਕ ਸਮਾਨ ਸੋਚ ਰੱਖਣ ਵਾਲੇ ਦੇਸ਼ ਸੰਯੁਕਤ ਰਾਜ ਅਮਰੀਕਾ, ਭਾਰਤ, ਆਸਟਰੇਲੀਆ ਅਤੇ ਏਸੀਆਨ ਮੈਂਬਰ ਦੇਸ਼ ਇੱਕ ਦੂਜੇ ਦੇ ਸਮਰਥਨ ‘ਚ ਆ ਗਏ ਹਨ।” ਉਨ੍ਹਾਂ ਨੇ ਕਿਹਾ ਕਿ ਚਾਹੇ ਦੱਖਣੀ ਚੀਨ ਸਾਗਰ ਦਾ ਮਾਮਲਾ ਹੋਵੇ ਜਾਂ ਇਸ ਦੀ ਭਾਰਤ ਨਾਲ ਲੱਗਦੀ ਉਸਦੀ ਸਰਹੱਦ ਹੋਵੇ, ਅਸੀਂ ਚੀਨ ਵੱਲੋਂ ਭੜਕਾਊ ਅਤੇ ਪ੍ਰੇਸ਼ਾਨ ਕਰਨ ਵਾਲੇ ਵਤੀਰੇ ਨੂੰ ਵੇਖ ਰਹੇ ਹਾਂ। ਚੀਨ ਦਾ ਇਹ ਰਵੱਈਆ ਦਰਸਾਉਂਦਾ ਹੈ ਕਿ ਕਿਵੇਂ ਚੀਨ ਆਪਣੀ ਵੱਧ ਰਹੀ ਤਾਕਤ ਦਾ ਇਸਤੇਮਾਲ ਕਰਨਾ ਚਾਹੁੰਦਾ ਹੈ।

ਵੇਲਜ਼ ਨੇ ਕਿਹਾ, “ਅਸੀਂ ਚਾਹੁੰਦੇ ਹਾਂ ਕਿ ਇਕ ਅੰਤਰਰਾਸ਼ਟਰੀ ਪ੍ਰਣਾਲੀ ਹੋਵੇ ਜਿਸ ਨਾਲ ਸਾਰਿਆਂ ਨੂੰ ਲਾਭ ਹੋਵੇ, ਨਾ ਕਿ ਇਕ ਅਜਿਹੀ ਗਲੋਬਲ ਪ੍ਰਣਾਲੀ ਜਿਸ ਵਿਚ ਚੀਨ ਦਾ ਦਬਦਬਾ ਹੋਵੇ। ਮੇਰੇ ਖਿਆਲ ਵਿਚ ਇਸ ਤਰ੍ਹਾਂ ਸਰਹੱਦੀ ਵਿਵਾਦ ਚੀਨ ਦੇ ਖਤਰੇ ਦੀ ਚਿਤਾਵਨੀ ਦਿੰਦਾ ਹੈ। ਚੀਨ ਦੀਆਂ ਗਤੀਵਿਧੀਆਂ ਨੇ ਇੱਕ ਤਰ੍ਹਾਂ ਦੀ ਸੋਚ ਰੱਖਣ ਵਾਲੇ ਦੇਸ਼ਾਂ ਨੂੰ ਇਕਜੁਟ ਕਰ ਦਿੱਤਾ ਹੈ। ਫਿਰ ਚਾਹੇ ਉਹ ਏਸੀਆਨ ਦੇਸ਼ ਹੋਵੇ ਜਾਂ ਕੂਟਨੀਤਕ ਸੰਗਠਨਾ। ਉਨ੍ਹਾਂ ਨੇ ਕਿਹਾ ਕਿ ਅਮਰੀਕਾ, ਜਾਪਾਨ ਅਤੇ ਭਾਰਤ ਇਕ ਤਿਕੜੀ ਹੈ ਅਤੇ ਆਸਟਰੇਲੀਆ ਵੀ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ‘ਚ ਚੀਨ ਨੂੰ ਲੈ ਕੇ ਗੱਲਬਾਤ ਸ਼ੁਰੂ ਹੋ ਗਈ ਹੈ।

 


Share This Article
Leave a Comment