ਕਣਕ ਦਾ ਕਰਨਾਲ ਬੰਟ ਮੁਕਤ ਬੀਜ ਹੀ ਸੰਭਾਲਣ ਕਿਸਾਨ : ਪੀ.ਏ.ਯੂ. ਮਾਹਿਰ

TeamGlobalPunjab
2 Min Read

ਲੁਧਿਆਣਾ : ਕਰਨਾਲ ਬੰਟ ਦੀ ਬਿਮਾਰੀ ਪੰਜਾਬ ਦੇ ਤਕਰੀਬਨ ਸਾਰੇ ਇਲਾਕਿਆਂ ਵਿੱਚ ਪਾਈ ਜਾਂਦੀ ਹੈ ਪਰ ਨੀਮ ਪਹਾੜੀ ਅਤੇ ਦਰਿਆਵਾਂ ਦੇ ਨੇੜੇ ਲੱਗਦੇ ਇਲਾਕਿਆਂ ਵਿੱਚ ਇਸ ਦਾ ਹਮਲਾ ਜ਼ਿਆਦਾ ਵੇਖਣ ਨੂੰ ਮਿਲਦਾ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀ.ਏ.ਯੂ. ਦੇ ਪੌਦਾ ਰੋਗ ਵਿਗਿਆਨੀ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਕਰਨਾਲ ਬੰਟ ਦੇ ਹਮਲੇ ਨਾਲ ਸਿੱਟੇ ਵਿੱਚ ਕੁਝ ਦਾਣਿਆਂ ਤੇ ਹੀ ਬਿਮਾਰੀ ਦਾ ਅਸਰ ਹੁੰਦਾ ਹੈ। ਜਦੋਂ ਬਿਮਾਰੀ ਵਾਲੇ ਦਾਣਿਆਂ ਨੂੰ ਹੱਥਾਂ ਵਿੱਚ ਲੈ ਕੇ ਮਸਲਿਆ ਜਾਵੇ ਤਾਂ ਉਨ੍ਹਾਂ ਵਿੱਚੋਂ ਕਾਲੇ ਰੰਗ ਦੀ ਉਲੀ ਦੇ ਜੀਵਾਣੂੰ ਬਾਹਰ ਨਿਕਲਦੇ ਹਨ, ਜਿਨ੍ਹਾਂ ਵਿੱੱਚੋਂ ਭੈੜੀ ਦੁਰਗੰਧ ਆਉਂਦੀ ਹੈ।

ਇਸ ਬਿਮਾਰੀ ਵਾਲੀ ਉਲੀ ਦੀ ਲਾਗ ਉਦੋਂ ਲੱਗਦੀ ਹੈ ਜਦੋਂ ਕਿ ਅਜੇ ਸਿੱਟੇ ਬਾਹਰ ਨਿਕਲੇ ਹੀ ਹੁੰਦੇ ਹਨ। ਬਿਮਾਰੀ ਦੀ ਲਾਗ ਹਵਾ ਵਿੱਚ ਫਿਰਦੇ ਬਿਮਾਰੀ ਦੇ ਜੀਵਾਣੂੰ ਰਾਹੀਂ ਹੁੰਦੀ ਹੈ। ਉਲੀ ਦੇ ਜੀਵਾਣੂੰ ਖੇਤਾਂ ਵਿੱਚ 2-3 ਸਾਲ ਤੱਕ ਜਿਊਂਦੇ ਰਹਿੰਦੇ ਹਨ ਅਤੇ ਕਣਕ ਦੇ ਸਿੱਟੇ ਨਿਕਲਣ ਵੇਲੇ ਇਹ ਜੀਵਾਣੂੰ ਮਿੱਟੀ ਵਿੱਚੋਂ ਉਗ ਕੇ ਹਵਾ ਵਿੱਚ ਰਲ ਜਾਂਦੇ ਹਨ ਅਤੇ ਸਿੱਟਿਆਂ ਵਿੱਚ ਦਾਣਿਆਂ ਤੇ ਬਿਮਾਰੀ ਲਾ ਦਿੰਦੇ ਹਨ। ਅਜਿਹੀ ਫਸਲ ਤੋਂ ਰੱੱਖਿਆ ਬੀਜ ਅਗਲੇ ਸਾਲ ਲਈ ਬਿਮਾਰੀ ਫੈਲਾਉਣ ਦਾ ਕਾਰਨ ਬਣਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਹੁਣ ਕਣਕ ਦੇ ਬੀਜ ਨੂੰ ਪਰਖ ਕੇ ਅਗਲੇ ਸਾਲ ਲਈ ਸੰਭਾਲਣ ਦਾ ਸਮਾਂ ਹੈ। ਇਸ ਲਈ ਆਪਣੇ ਬੀਜ ਦੀ ਪਰਖ ਕਰਨੀ ਜ਼ਰੂਰੀ ਹੈ ਤਾਂ ਜੋ ਸਮੇਂ ਸਿਰ ਪਤਾ ਲੱਗ ਸਕੇ ਕਿ ਬੀਜ ਕਰਨਾਲ ਬੰਟ ਤੋਂ ਮੁਕਤ ਹੈ ਜਾਂ ਨਹੀ।ਬੀਜ ਦੀ ਪਰਖ ਕਰਨ ਲਈ ਦੋ ਮੁੱਠਾਂ ਕਣਕ ਦੇ ਦਾਣਿਆਂ ਨੂੰ ਪਾਣੀ ਵਿੱਚ ਭਿਉਂ ਕੇ ਚਿੱਟੇ ਕਾਗਜ਼ ਉਤੇ ਖਿਲਾਰੋ। ਜੇਕਰ ਇਸ ਬੀਜ ਵਿਚ ਕਰਨਾਲ ਬੰਟ ਨਾਲ ਪ੍ਰਭਾਵਿਤ 4-5 ਦਾਣੇ ਦਿਖਾਈ ਦੇਣ ਤਾਂ ਅਜਿਹਾ ਬੀਜ ਅਗਲੇ ਸਾਲ ਕਣਕ ਬਿਜਾਈ ਲਈ ਨਹੀਂ ਵਰਤਣਾ ਚਾਹੀਦਾ ਸਗੋਂ ਕਰਨਾਲ ਬੰਟ ਤੋਂ ਮੁਕਤ ਨਵਾਂ ਬੀਜ ਖਰੀਦਣ ਦੀ ਜ਼ਰੂਰਤ ਪਵੇਗੀ। ਅਗਲੇ ਸਾਲ ਲਈ ਕਰਨਾਲ ਬੰਟ ਤੋਂ ਮੁਕਤ ਬੀਜ ਹੀ ਸੰਭਾਲਣਾ ਚਾਹੀਦਾ ਹੈ।

Share This Article
Leave a Comment