ਫ਼ਨਿਊਜ਼ ਡੈਸਕ : ਜਾਨਲੇਵਾ ਕੋਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਬਹੁਤ ਸਾਰੇ ਦੇਸ਼ਾਂ ‘ਚ ਲਗਭਗ ਪਿਛਲੇ 2 ਮਹੀਨਿਆਂ ਤੋਂ ਤਾਲਾਬੰਦੀ ਜਾਰੀ ਹੈ। ਜਿਸ ਦੇ ਚੱਲਦਿਆਂ ਲੋਕ ਆਪਣੇ ਘਰਾਂ ਅੰਦਰ ਰਹਿਣ ਲਈ ਮਜ਼ਬੂਰ ਹਨ। ਪਰ ਹੁਣ ਘਰਾਂ ਅੰਦਰ ਕੈਦ ਲੋਕਾਂ ਦਾ ਗੁੱਸਾ ਫੁੱਟਦਾ ਨਜ਼ਰ ਆ ਰਿਹਾ ਹੈ। ਬੀਤੇ ਸ਼ਨੀਵਾਰ ਯੂਰਪ ਦੇ ਕਈ ਸ਼ਹਿਰਾਂ ‘ਚ ਵੱਡੀ ਗਿਣਤੀ ‘ਚ ਲੋਕਾਂ ਨੇ ਕੋਰੋਨਾ ਵਾਇਰਸ ਦੇ ਸੰਕਰਮ ਨੂੰ ਫੈਲਣ ਤੋਂ ਰੋਕਣ ਲਈ ਕੀਤੀ ਗਈ ਤਾਲਾਬੰਦੀ ਦੌਰਾਨ ਪਾਬੰਦੀਆਂ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ।
ਪੋਲੈਂਡ ਵਿਚ ਪ੍ਰਦਰਸ਼ਨਕਾਰੀ ਸੜਕਾਂ ‘ਤੇ ਉਤਰ ਆਏ। ਪ੍ਰਦਰਸ਼ਨਕਾਰੀਆਂ ਨੂੰ ਵਾਪਸ ਭਜਾਉਣ ਲਈ ਪੋਲੈਂਡ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਛੱਡੇ ਗਏ। ਉਥੇ ਹੀ ਲੰਦਨ ਦੇ ਹਾਈਡ ਪਾਰਕ ਵਿਚ ਇਕੱਠੀ ਹੋਈ ਭੀੜ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਇਸ ਦੇ ਨਾਲ ਹੀ ਜਰਮਨੀ ਦੇ ਕਈ ਸ਼ਹਿਰਾਂ ਵਿਚ ਵੀ ਹਜ਼ਾਰਾਂ ਲੋਕ ਲੌਕਡਾਊਨ ਦੇ ਖਿਲਾਫ ਪ੍ਰਦਰਸ਼ਨ ਕਰਨ ਲਈ ਇਕੱਠੇ ਹੋਏ, ਜਿਸ ਕਾਰਨ ਪੁਲਿਸ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨੀ ਪਈ।
ਸਟੱਟਗਾਰਟ ਸਿਟੀ ਪੁਲਿਸ ਨੇ ਦੱਸਿਆ ਕਿ ਪੰਜ ਹਜ਼ਾਰ ਲੋਕਾਂ ਨੂੰ ਪ੍ਰਦਰਸ਼ਨ ਕਰਨ ਦੀ ਆਗਿਆ ਸੀ ਪਰ ਜਿਉਂ ਜਿਉਂ ਗਿਣਤੀ ਵਧਦੀ ਗਈ, ਲੋਕਾਂ ਨੂੰ ਹੋਰ ਖੁੱਲ੍ਹੀਆਂ ਥਾਵਾਂ ਤੇ ਜਾਣ ਲਈ ਨਿਰਦੇਸ਼ ਦਿੱਤੇ ਗਏ। ਬਰਲਿਨ ਦੇ ਮੱਧ ਅਲੈਗਜ਼ੈਂਡਰਪਲਾਟਜ਼ ਸਕਵਾਇਰ ‘ਤੇ ਕਈ ਦਰਜ਼ਨ ਪ੍ਰਦਰਸ਼ਨਕਾਰੀਆਂ ਨੇ ਉੱਚੇ ਸੰਗੀਤ ਦੇ ਜ਼ਰੀਏ ਐਂਟੀ-ਵਾਇਰਸ ਨਿਯਮਾਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਪੋਲੈਂਡ ਦੀ ਰਾਜਧਾਨੀ ਵਿੱਚ ਤਾਲਾਬੰਦੀ ਦੀਆਂ ਪਾਬੰਦੀਆਂ ਦੇ ਵਿਰੋਧ ਵਿੱਚ ਇੱਕ ਸੈਨੇਟਰ ਸਮੇਤ ਦਰਜਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ‘ਅਜ਼ਾਦੀ’ ਦੇ ਨਾਅਰੇ ਲਗਾਏ। ਇਸ ਦੌਰਾਨ ਲੰਦਨ ਪੁਲਿਸ ਨੇ 13 ਪ੍ਰਦਰਸ਼ਨਕਾਰੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ।
ਦੱਸ ਦਈਏ ਕਿ ਬ੍ਰਿਟੇਨ ‘ਚ ਕੋਰੋਨਾ ਦੇ ਹੁਣ ਤੱਕ 2 ਲੱਖ 40 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 34 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਰਮਨੀ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ 1 ਲੱਖ 70 ਹਜ਼ਾਰ ਤੋਂ ਟੱਪ ਗਈ ਹੈ ਅਤੇ 8 ਹਜ਼ਾਰ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈੇ।