ਓਨਟਾਰੀਓ : ਓਨਟਾਰੀਓ ਦੇ ਪ੍ਰੀਮੀਅਰ ਡੱਗ ਰਾਬਰਟ ਫੋਰਡ ਵੱਲੋਂ ਅਰਥਚਾਰਾ ਖੋਲ੍ਹਣ ਦੇ ਪਹਿਲੇ ਪੜਾਅ ਤਹਿਤ ਐਲਾਨ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਸ਼ਨੀਵਾਰ ਤੱਕ ਪਾਰਕ, ਮਰੀਨਾ, ਗੋਲਫ਼ ਕੋਰਸ ਖੋਲ੍ਹਣ ਦੀ ਆਗਿਆ ਦਿੱਤੀ ਜਾਵੇਗੀ। ਇਸ ਦੇ ਨਾਲ ਹੀ 19 ਮਈ ਤੋਂ ਸਟ੍ਰੀਟ ਐਂਟਰੈਂਸ ਵਾਲੇ ਰਿਟੇਲ ਸਟੋਰ ਖੋਲ੍ਹਣ ਦੀ ਆਗਿਆ ਵੀ ਮਿਲੇਗ। ਡੱਗ ਫੋਰਡ ਨੇ ਸਾਫ ਕੀਤਾ ਕਿ ਇਸ ਦੌਰਾਨ ਸਭ ਲਈ ਸੋਸ਼ਲ ਡਿਸਟੈਂਸ ਦੇ ਨਿਯਮ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸਿਰਫ ਉਹੀ ਕਾਰੋਬਾਰੀ ਆਪਣਾ ਕਾਰੋਬਾਰ ਖੋਲ੍ਹਣ ਜੋ ਇਨ੍ਹਾਂ ਸ਼ਰਤਾਂ ਲਈ ਤਿਆਰ ਹਨ।
ਪ੍ਰੀਮੀਅਰ ਡੱਗ ਫੋਰਡ ਵੱਲੋਂ ਅਰਥਚਾਰਾ ਖੋਲ੍ਹਣ ਦੇ ਪਹਿਲੇ ਪੜਾਅ ਦਾ ਐਲਾਨ ਕਰਨ ‘ਤੇ ਜੀਟੀਏ ਰੀਜਨ ਦੇ ਮੇਅਰਜ਼ ਖੁਸ਼ ਦਿਖਾਈ ਨਹੀਂ ਦਿੱਤੇ। ਮਿਸੀਸਾਗਾ ਦੀ ਮੇਅਰ ਬੌਨੀ ਕ੍ਰੌਂਬੀ ਨੇ ਵੀ ਲੋਕਲ ਬਿਜਨਸਮੈਨਜ਼ ਨੂੰ ਅਪੀਲ ਕੀਤੀ ਹੈ ਕਿ ਜੇਕਰ ਤੁਸੀਂ ਬਿਜਨਸ ਲਈ ਤਿਆਰ ਨਹੀਂ ਹੋ ਤਾਂ ਬਿਜਨਸ ਨਾ ਖੋਲ੍ਹੋ। ਉਨ੍ਹਾਂ ਕਿਹਾ ਕਿ ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ ਹੈ ਪਰ ਜੀਟੀਏ ਵਿੱਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਘਟੀ ਹੈ, ਪਰ ਇਸ ਦੇ ਨਾਲ ਹੀ ਕਈ ਨਵੇਂ ਕੇਸ ਵੀ ਆ ਰਹੇ ਹਨ। ਇਸ ਲਈ ਸਰਕਾਰ ਅਗਲਾ ਕਦਮ ਚੁੱਕਣ ਤੋਂ ਪਹਿਲਾਂ ਸਾਰੇ ਇਲਾਕੇ ਦੇਖੇ ਅਤੇ ਲੋਕਲ ਮੇਅਰਜ਼ ਨਾਲ ਮੀਟਿੰਗ ਜ਼ਰੂਰ ਕਰੇ।
ਟੋਰਾਂਟੋ ਦੇ ਮੇਅਰ ਜੌਨ ਟੋਰੀ ਨੇ ਕਿਹਾ ਕਿ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਬਿਜਨਸ ਖੋਲ੍ਹਣ ਲਈ ਪਹਿਲੇ ਪੜਾਅ ਦੇ ਐਲਾਨ ਬਾਅਦ ਸਿਟੀ ਵੱਲੋਂ ਇਸ ਦਾ ਸਮਰਥਨ ਕੀਤਾ ਜਾਵੇਗਾ। ਪਰ ਜ਼ਰੂਰੀ ਹੈ ਕਿ ਇਸ ਦੌਰਾਨ ਬਿਜਨਸ ਅਦਾਰੇ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਣ ਅਤੇ ਲੋਕ ਵੀ ਸਮਾਜਿਕ ਦੂਰੀ ਰੱਖਣੀ ਸਿੱਖਣ। ਉਨ੍ਹਾਂ ਕਿਹਾ ਕਿ ਇਸ ਸਮੇਂ ਸਭ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ। ਮੇਅਰ ਜੌਨ ਟੋਰੀ ਨੈ ਕਿਹਾ ਕਿ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਅਤੇ ਉਹ ਨਹੀਂ ਚਾਹੁੰਣਗੇ ਕਿ ਅਜਿਹੀ ਸਥਿਤੀ ਮੁੜ ਪੈਦਾ ਹੋਵੇ।