ਚੰਡੀਗੜ੍ਹ: 29 ਸਾਲ ਪੁਰਾਣੇ ਬਲਵੰਤ ਸਿੰਘ ਮੁਲਤਾਨੀ ਦੇ ਅਗਵਾਹ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ‘ਤੇ ਦਰਜ ਮਾਮਲੇ ‘ਚ ਪੰਜਾਬ ਪੁਲਿਸ ਨੇ ਆਪਣੀ ਜਾਂਚ ਤੇਜ ਕਰ ਦਿੱਤੀ ਹੈ। ਇਸ ਕੜੀ ਵਿੱਚ ਜ਼ਿਲ੍ਹਾ ਪੁਲਿਸ ਵੱਲੋਂ ਇੱਕ ਸਪੈਸ਼ਲ ਇਨਵੈਸਟਸਟਿਗੇਸ਼ਨ ਟੀਮ (ਐੱਸਆਈਟੀ) ਦਾ ਗਠਨ ਕੀਤਾ ਹੈ। ਸੈਣੀ ਨੂੰ ਇਸ ਮਾਮਲੇ ਵਿੱਚ ਪਹਿਲਾਂ ਹੀ ਮੁਹਾਲੀ ਜ਼ਿਲ੍ਹਾ ਅਦਾਲਤ ਵਲੋਂ ਅਗਾਊਂ ਜ਼ਮਾਨਤ ਮਿਲ ਗਈ ਹੈ।
ਉਥੇ ਹੀ ਅਦਾਲਤ ਨੇ ਉਨ੍ਹਾਂ ਨੂੰ ਸੱਤ ਦਿਨਾਂ ਵਿੱਚ ਇਨਵੈਸਟਸਟਿਗੇਸ਼ਨ ਵਿੱਚ ਸ਼ਾਮਲ ਹੋਣ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਉਹ ਆਪਣਾ ਪਾਸਪੋਰਟ ਵੀ ਜਾਂਚ ਅਧਿਕਾਰੀਆਂ ਕੋਲ ਸਰੰਡਰ ਕਰਨਗੇ। ਜਾਣਕਾਰੀ ਮੁਤਾਬਕ, ਐਸਆਈਟੀ ਦੀ ਅਗਵਾਈ ਐਸਪੀ ਹਰਮਨਦੀਪ ਹੰਸ ਕਰਨਗੇ। ਉਨ੍ਹਾਂ ਤੋਂ ਇਲਾਵਾ ਡੀਐਸਪੀ ਇਨਵੈਸਟਸਟਿਗੇਸ਼ਨ ‘ਚ ਬਿਕਰਮਜੀਤ ਸਿੰਘ ਅਤੇ ਮਟੌਰ ਥਾਣੇ ਦੇ ਐੱਸਐੱਚਓ ਰਾਜੀਵ ਕੁਮਾਰ ਵੀ ਟੀਮ ਵਿੱਚ ਹਨ। ਇਹ ਟੀਮ ਜਲਦ ਹੀ ਸੈਣੀ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਸੱਦਾ ਦਵੇਗੀ। ਇਸ ਮਾਮਲੇ ਵਿੱਚ ਨਾਮਜਦ ਹੋਰ ਲੋਕਾਂ ਨੂੰ ਵੀ ਪੁਲਿਸ ਗ੍ਰਿਫਤਾਰ ਕਰਨ ਦੀ ਤਿਆਰੀ ਵਿੱਚ ਹੈ।
ਜਿਕਰਯੋਗ ਹੈ ਕਿ 1991 ਵਿੱਚ ਜਦੋਂ ਸੁਮੇਧ ਸੈਣੀ ਐੱਸਐੱਸਪੀ ਚੰਡੀਗੜ੍ਹ ਦੇ ਅਹੁਦੇ ‘ਤੇ ਤਾਇਨਾਤ ਸਨ ਉਸ ਸਮੇਂ ਉਨ੍ਹਾਂ ‘ਤੇ ਇੱਕ ਅੱਤਵਾਦੀ ਹਮਲਾ ਹੋਇਆ ਸੀ। ਜਿਸ ਵਿੱਚ ਉਨ੍ਹਾਂ ਦੇ ਚਾਰ ਸੁਰੱਖਿਆ ਕਰਮੀ ਮਾਰੇ ਗਏ ਸਨ। ਦੋਸ਼ ਹੈ ਕਿ ਇਸ ਤੋਂ ਬਾਅਦ ਸੈਣੀ ਦੇ ਹੁਕਮਾਂ ‘ਤੇ ਚੰਡੀਗੜ ਪੁਲਿਸ ਨੇ ਸੀਨੀਅਰ ਆਈਏਐਸ ਦੇ ਬੇਟੇ ਬਲਵੰਤ ਸਿੰਘ ਮੁਲਤਾਨੀ ਨੂੰ ਮੁਹਾਲੀ ਤੋਂ ਜ਼ਬਰਦਸਤੀ ਚੁੱਕਿਆ ਸੀ ਤਰਸ ਤੇ ਤਸ਼ੱਦਦ ਕੀਤਾ ਸੀ।