ਲੁਧਿਆਣਾ : ਸਰਬੱਤ ਦਾ ਭਲਾ ਟਰੱਸਟ ਵੱਲੋਂ ਅਨੇਕਾਂ ਤਰ੍ਹਾਂ ਨਾਲ ਸਮਾਜਿਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ। ਇਸ ‘ਚ ਹੀ ਹੁਣ ਸਰਬੱਤ ਦਾ ਭਲਾ ਟਰੱਸਟ ਵੱਲੋਂ ਨੋਬਲ ਫਾਉਡੇਸ਼ਨ ਨੂੰ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ। ਇਸ ਦੌਰਾਨ ਡੀਸੀਪੀ ਲੁਧਿਆਣਾ ਅਸ਼ਵਨੀ ਕਪੂਰ ਨੇ ਅੱਜ ਨੋਬਲ ਫਾਉਡੇਸ਼ਨ ਦੇ ਸੰਸਥਾਪਕ ਰਾਜਿੰਦਰ ਸ਼ਰਮਾਂ ਨੂੰ 5 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ। ਇਸ ਮੌਕੇ ਸਰਬੱਤ ਦਾ ਭਲਾ ਟਰੱਸਟ ਦੇ ਸਰਪ੍ਰਸਤ ਇਕਬਾਲ ਸਿੰਘ ਗਿੱਲ, ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਛਾਪਾ, ਸੁਖਜਿੰਦਰ ਸਿੰਘ ਗਿੱਲ, ਸਿਗਮਾ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਚੰਦਰ ਭਨੋਟ, ਸੁਸ਼ੀਲ ਭਨੋਟ, ਹਰਿੰਦਰ ਸਿੰਘ ਰੁਕਬਾ, ਅਮਰਦੀਪ ਸਿੰਘ, ਸੁਖਪ੍ਰੀਤ ਸਿੰਘ ਅਤੇ ਤੇਜਿੰਦਰ ਸਿੰਘ ਲੱਕੀ ਉਚੇਚੇ ਤੌਰ ‘ਤੇ ਮੌਜੂਦ ਰਹੇ।
ਦੱਸ ਦਈਏ ਕਿ ਨੋਬਲ ਫਾਉਡੇਸ਼ਨ ਇੱਕ ਸਮਾਜ ਸੇਵੀ ਸੰਸਥਾ ਹੈ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਲੋੜਵੰਦਾਂ ਦੀ ਮਦਦ ਕਰਦੀ ਆ ਰਹੀ ਹੈ। ਨੋਬਲ ਫਾਉਡੇਸ਼ਨ ਦੇ ਸੰਸਥਾਪਕ ਰਾਜਿੰਦਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਫਾਉਡੇਸ਼ਨ ਝੁਗੀ ਝੋਪੜੀ ‘ਚ ਰਹਿ ਰਹੇ ਗਰੀਬ ਬੱਚਿਆਂ ਦੀ ਸਿੱਖਿਆ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਨੋਬਲ ਫਾਉਡੇਸ਼ਨ ਦਾ ਮੁੱਖ ਟੀਚਾ ਸਮਾਜ ਦੇ ਗਰੀਬ ਵਰਗ ਦੇ ਬੱਚਿਆਂ ਜੋ ਖੁਦ ਸਿੱਖਿਆ ਪ੍ਰਾਪਤ ਕਰਨ ਦੇ ਅਸਮਰਥ ਹਨ ਨੂੰ ਸਿੱਖਿਅਤ ਕਰਨਾ ਹੈ।
ਇਸ ਮੌਕੇ ਸਰਬੱਤ ਦਾ ਭਲਾ ਟਰੱਸਟ ਦੇ ਸਰਪ੍ਰਸਤ ਐੱਸ.ਪੀ.ਐੱਸ. ਓਬਰਾਏ ਨੇ ਨੋਬਲ ਫਾਉਡੇਸ਼ਨ ਵੱਲੋਂ ਲੋੜਵੰਦ ਅਤੇ ਗਰੀਬ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਖੂਬ ਪ੍ਰਸ਼ੰਸ਼ਾ ਕੀਤੀ। ਨਾਲ ਹੀ ਐੱਸ.ਪੀ.ਐੱਸ. ਓਬਰਾਏ ਨੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਸਿਰ ਤੋੜ ਯਤਨਾਂ ਦੀ ਵੀ ਸ਼ਲਾਘਾ ਕੀਤੀ।