ਰੱਬ ਦਾ ਦੂਜਾ ਰੂਪ “ਮਾਂ”

TeamGlobalPunjab
11 Min Read

-ਪਰਨੀਤ ਕੌਰ

 

ਮਾਂ ਸ਼ਬਦ ਦੀ ਉੱਤਪਤੀ ਸੰਸਕ੍ਰਿਤ ਦੇ ਸ਼ਬਦ “मातृ” (ਮਾਤਰੀ) ਤੋਂ ਹੋਈ ਹੈ। ਬੱਚੇ ਦੇ ਮੂੰਹੋਂ ਪਹਿਲਾਂ ਸਬਦ ਮਾਂ ਹੀ ਨਿਕਲਦਾ ਹੈ। ਇਸ ਧੁਨੀ ਦਾ ਸੰਬੰਧ ਲਗਪਗ ਸਾਰੀਆਂ ਹੀ ਭਾਸ਼ਾਵਾਂ ਨਾਲ ਹੈ। ਪਰ ਅਲੱਗ-ਅਲੱਗ ਦੇਸ਼ਾਂ ਅਤੇ ਭਾਸ਼ਾਵਾਂ ਵਿੱਚ ਹਰ ਸ਼ਬਦਾਂ  ਦੀ ਤਰ੍ਹਾਂ “ਮਾਂ” ਸ਼ਬਦ ਨੂੰ ਵੀ ਅਲੱਗ-ਅਲੱਗ ਸ਼ਬਦਾਂ ਦੁਆਰਾ ਉਚਾਰਿਆਂ ਜਾਂਦਾ ਹੈ। ਜਿਵੇਂ ਕਿ :- ਮਾਂ, ਮਾਤਾ,ਅੰਮੀ, ਬੇਬੇ, ਬੀਬੀ,ਮਾਈ, ਮੰਮੀ, ਮੌਮ ਆਦਿ। ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬਾਨ ਨੇ ਮਾਂ ਲਈ ਮਾਤ, ਮਾਤਾ , ਮਾਈ ਆਦਿ ਸ਼ਬਦਾਂ ਨੂੰ ਵਰਤਿਆਂ ਹੈ। ਮਾਂ ਸ਼ਬਦ ਵਰਣਮਾਲਾ ਦਾ ਇਕ ਅੱਖਰੀ ਸ਼ਬਦ ਹੋਣ ਦੇ ਬਾਵਜੂਦ ਵੀ ਇਸ ਵਿੱਚ ਕੁੱਲ ਦੁਨੀਆ ਸਮੋਈ ਹੋਈ ਹੈ। ਮਾਂ ਦਾ ਆਪਣੇ ਆਪ ਵਿਚ ਸੰਪੂਰਨ ਅਤੇ ਅਮਿੱਟ ਰਿਸ਼ਤਾ ਹੈ। ਭਾਵ ਇਹ ਕਿ ਦੁਨੀਆ ਵਿਚ ਹਰ ਇਨਸਾਨ ਦਾ ਸਭ ਤੋਂ ਅਨੋਖਾ ਅਤੇ ਪਿਆਰਾਂ ਰਿਸ਼ਤਾ ਮਾਂ ਨਾਲ ਹੀ ਹੁੰਦਾ ਹੈ। ਜਿਵੇਂ ਕਿ ਪਰਮਾਤਮਾ ਦੁਨੀਆਂ ਵਿਚ ਹਰ ਜਗ੍ਹਾ ਮੌਜੂਦ ਨਹੀਂ ਹੋ ਸਕਦਾ ਸੀ, ਇਸ ਲਈ ਉਸ ਨੇ ਮਾਂ ਨੂੰ ਬਣਾਇਆ। ਸਾਡੀ ਜਿੰਦਗੀ ਵਿੱਚ ਹਰ ਥਾਂ, ਮਾਂ ਦੀ ਭੂਮਿਕਾ ਸਰਵਉੱਚ ਹੁੰਦੀ ਹੈ। ਹਰ ਮਹਾਨ ਵਿਅਕਤੀ ਦੀ ਸਫਲਤਾ ਦੇ ਪਿੱਛੇ, ਉਸਦੀ ਮਾਂ ਦੀ ਹੀ ਪ੍ਰੇਰਣਾ ਹੁੰਦੀ ਹੈ। ਮਾਂ ਸਾਡੀ ਪਹਿਲੀ ਅਧਿਆਪਕਾ, ਪਹਿਲੀ ਗਾਈਡ ਅਤੇ ਪਹਿਲੀ ਦੋਸਤ ਹੁੰਦੀ ਹੈ।

“ਮਾਂ” ਸ਼ਬਦ ਨੂੰ ਕਿਸੇ ਪਹਿਚਾਣ ਦੀ ਲੋੜ ਨਹੀਂ। ਬੱਚਾ ਜਨਮ ਤੋ ਬਾਅਦ ਜੋ ਸ਼ਬਦ ਪਹਿਲਾ ਬੋਲਣਾ ਸਿੱਖਦਾ ਹੈ, ਉਹ ਸ਼ਬਦ “ਮਾਂ” ਹੀ ਹੈ । ਮਾਂ ਸ਼ਬਦ ਵਿੱਚ ਇਕ ਮਿਠਾਸ, ਪਿਆਰ, ਅਪਣੱਤ ਹੈ, ਜੋ ਕਿਸੇ ਹੋਰ ਸ਼ਬਦ ‘ਚ ਨਹੀਂ ਹੈ । ਮਾਂ ਦਾ ਰਿਸ਼ਤਾ ਇਕ ਅਜਿਹਾ ਰਿਸ਼ਤਾ ਹੈ ਜਿਸ ਦੇ ਪਿਆਰ ਵਿੱਚ ਕੋਈ ਲਾਲਚ ਨਹੀਂ ਹੈ। ਮਮਤਾ ਦੀ ਮੂਰਤ ਮਾਂ ਆਪਣੇ ਬੱਚੇ ਦੀ ਹਰ ਖੁਸ਼ੀ ਪੂਰੀ ਕਰਨ ਦੀ ਕੋਸ਼ਿਸ਼ ਵਿੱਚ ਲੱਗੀ ਰਹਿੰਦੀ ਹੈ। ਜਨਮ ਸਮੇ ਬੱਚੇ ਨੂੰ ਹਰ ਸੁੱਖ ਦਿੰਦੀ ਹੈ ਬੱਚੇ ਨੂੰ ਸੁੱਕੇ ਥਾਂ ਸੁਲੌਣਾ ਆਪ ਗਿੱਲੀ ਜਗਾ ਸੌਣਾ। ਮਾਂ ਤਾਂ  ਤਿਆਗ ਦੀ ਮੂਰਤ ਹੈ। ਮਾਂ ਦਾ ਬੱਚੇ ਦੇ ਚਰਿੱਤਰ ਵਿਕਾਸ ਵਿੱਚ ਵੱਡਾ ਹੱਥ ਹੁੰਦਾ ਹੈ। ਇਸ ਲਈ ਤਾਂ ਕਿਹਾ ਜਾਂਦਾ ਹੈ ਕਿ,” ਜੈਸਾ ਦੁੱਧ ਵੈਸੀ ਬੁੱਧ।” ਇਹ ਆਮ ਕਿਹਾ ਜਾਂਦਾ ਹੈ “ਜੈਸਾ ਭਾਂਡਾ ਵੈਸੀ ਅਵਾਜ਼” ਭਾਵ ਕਿ ਜਿਹੋ ਜਿਹੇ ਮਾਂ ਬੱਚੇ ਨੂੰ ਸੰਸਕਾਰ ਦਿੰਦੀ ਹੈ ਬੱਚਾ ਉਹੀ ਕਰਦਾ ਹੈ। ਹਰ ਮਾਂ ਦੀ ਇਹ ਹੀ ਇੱਛਾ ਹੁੰਦੀ ਹੈ ਕਿ ਉਸ ਦਾ ਬੱਚਾ ਸਿਆਣਾ ਤੇ ਸੁਸ਼ੀਲ ਕਾਮਯਾਬ ਇਨਸਾਨ ਬਣੇ। ਬਾਬਾ ਫਰੀਦ ਜੀ ਨੂੰ ਵੀ ਰੱਬ ਦੇ ਰਾਹ ਲਗਾਉਣ ਵਾਲੀ ਉਹਨਾਂ ਦੀ ਮਾਂ ਹੀ ਸੀ। ਮਾਂ ਦੀ ਮਮਤਾ ਜਾਨਵਰਾ ਵਿੱਚ ਵੀ ਇਵੇਂ ਹੀ ਹੁੰਦੀ ਏ। ਇਕ ਬਾਂਦਰੀ ਆਪਣੇ ਮਰੇ ਹੋਏ ਬੱਚੇ ਨੂੰ ਤਦ ਤੱਕ ਨਹੀ ਛੱਡਦੀ, ਜਦ ਤੱਕ ਉਸਦੇ ਸਰੀਰ ਦੇ ਟੁਕੜੇ -ਟੁਕੜੇ ਹੋ ਨਹੀ ਝੜ ਜਾਂਦੇ। ਘੁੱਗੀ ਇਕ ਡਰੂ ਜਿਹਾ ਪੰਛੀ ਹੈ ਪਰ ਅਗਰ ਉਸਦੇ ਬੱਚੇ ‘ਤੇ ਕੋਈ ਸੰਕਟ ਆ ਜਾਵੇ ਤਾਂ ਉਹ ਮੌਤ ਨਾਲ ਵੀ ਟਕਰਾ ਜਾਂਦੀ ਹੈ| ਜੰਗਲ ਵਿੱਚ ਕੋਈ ਸ਼ੇਰ ਅਗਰ ਕਿਸੇ ਹਿਰਨ ਦੇ ਬੱਚੇ ‘ਤੇ ਹਮਲਾ ਕਰਦਾ ਹੈ ਤਾਂ ਹਿਰਨ ਦਾ ਹਮਲਾਵਰ ਬਣ ਜਾਣਾ ਸਾਨੂੰ ਅਚੰਭਿਤ ਕਰਦਾ ਹੈ।

ਸੋ ਮਾਂ ਇਕ ਪਿਆਰ, ਤਿਆਗ ਅਤੇ ਮਮਤਾ ਦੀ ਹੀ ਮੂਰਤ ਹੀ ਨਹੀਂ , ਸਗੋਂ  ਇਕ ਤਾਕਤ ਦਾ ਰੂਪ ਵੀ ਹੈ। ਮਾਂ “ਦੁਰਗਾ” ਸ਼ਕਤੀ ਦਾ ਹੀ ਰੂਪ ਹੈ ਜੋ ਇਕ ਮਾਂ ਰੂਪ ਹੋ ਕੇ ਵੀ “ਚੁੰਡ”, “ਮੁੰਡ”, “ਮਹਿਖਾਸੁਰ”, “ਰਕਤ ਬੀਜ” ਜਿਹੇ ਸ਼ਕਤੀਸਾਲੀ ਰਾਖਸ਼ਾ ਦਾ ਸਰਵ ਨਾਸ਼ ਕਰਦੀ ਹੈ। ਅੱਜ ਦੇ ਯੁੱਗ ਵਿੱਚ ਅਸੀ ਕਿਤੇ ਨਾ ਕਿਤੇ ਮਾਂ ਦੀ ਕਦਰ ਵੱਲੋ ਅਵੇਸਲੇ ਹਾ, ਜਿੱਥੇ ਮਾਂ ਆਪਣੇ ਬੱਚੇ ਨੂੰ ਪਿਆਰ ਨਾਲ ਪਾਲਦੀ ਹੈ ਉੱਥੇ  ਪਿਤਾ ਦਾ ਵੀ ਉਨਾਂ ਹੀ ਤਿਅਗ ਅਤੇ ਦੇਣ ਆਪਣੇ ਬੱਚਿਆਂ ਲਈ ਹੁੰਦਾ ਹੈ। ਉਹ ਦਿਨ ਰਾਤ ਕੰਮ ਕਰਕੇ ਪੈਸੇ ਕਮਾਉਂਦਾ ਅਤੇ ਆਪਣੇ ਬੱਚਿਆਂ ਦੇ ਭਵਿੱਖ ਲਈ ਮਿਹਨਤ ਕਰਦਾ ਹੈ। ਪਰ ਅੱਜ ਦੇ ਹਾਲਾਤ ਕੁਝ ਇਵੇਂ ਦੇ ਬਣ ਗਏ ਹਨ ਕਿ ਬੱਚਿਆਂ ਲਈ ਮਾਂ ਬਾਪ ਬੋਝ ਬਣਦੇ ਜਾ ਰਹੇ ਹਨ। ਅੱਜ ਉਹ ਮਾਪੇ ਜਿਹੜੇ ਆਪਣੇ ਬੱਚਿਆਂ ਦੀ  ਬਿਨਾਂ ਕਿਸੇ ਸੋਚ ਵਿਚਾਰ ਅਤੇ ਲਾਲਚ ਦੇ ਆਪਣੇ ਬੱਚਿਆਂ ਲਈ ਦਿਨ-ਰਾਤ ਇੱਕ ਕਰਦੇ ਹਨ ਅਤੇ ਉਹਨਾਂ ਦੀ ਵਧੀਆ ਪਰਵਰਿਸ਼ ਕਰਦੇ ਨੇ, ਪਰ ਬੁਢਾਪੇ ਵਿੱਚ ਪੁੱਤਰਾਂ ਦੀ ਜਗ੍ਹਾ ਲਾਠੀ ਉਹਨਾਂ ਦਾ ਸਹਾਰਾ ਬਣਦੀ ਹੈ ਅਤੇ ਬਿਰਧ ਆਸ਼ਰਮ ਉਹਨਾ ਦਾ ਰੈਣ ਬਸੇਰਾ ਬਣਦੇ ਹਨ । ਅੱਜ ਹਰ ਕੋਈ ਮਦਰਜ਼ ਡੇ/ ਮਾਂ ਦਿਵਸ ਉੱਪਰ ਤਾਂ ਬੜਾ ਉਮੜ ਰਿਹਾ ਹੈ, ਪਰ ਸੱਚ ਜਾਣਿਓ ਅਸਲ ਸੱਚ ਕੁਝ ਹੋਰ ਹੀ ਹੈ। ਜਰਾ ਆਪਣੇ ਅੰਦਰ ਝਾਤੀ ਮਾਰ ਕੇ ਵੇਖੋ, ਕਿ ਵਾਕਿਆ ਹੀ ਤੁਸੀਂ ਲੋਕ ਆਪਣੇ ਮਾਤਾ-ਪਿਤਾ ਦੀ ਕਦਰ ਕਰਦੇ ਹੋ। ਅੱਜ ਦੇ ਹਾਲਾਤ ਇੰਨੇ ਮਾੜੇ ਹੋ ਚੁੱਕੇ ਹਨ ਕਿ, ਜੇ ਅਸੀਂ ਇਹ ਕਹਿ ਦੇਈਏ ਕਿ ਕਈ ਪੁੱਤਰਾਂ ਦੀ ਤਾਂ ਜਮੀਰ ਈ ਮਰ ਚੁੱਕੀ ਹੈ ਤਾਂ ਇਹ ਕਹਿਣਾ ਕੋਈ ਅਤਿ ਕਥਨਿ ਨਹੀਂ ਹੋਵੇਗੀ। ਉਨ੍ਹਾਂ ਨੂੰ ਮਾਂ-ਪਿਓ ਦਾ ਘਰ ਤਾਂ ਚਾਹੀਦਾ ਹੈ, ਉਸ ਦੀ ਜ਼ਮੀਨ ਵੀ ਚਾਹੀਦੀ ਹੈ। ਭਾਵੇਂ  ਮਾਂ ਨੌਕਰਾਣੀ ਬਣ ਕੇ ਘਰ ਦੇ ਕੰਮ ਵੀ ਕਰੇ, ਪਰ ਉਨ੍ਹਾਂ ਤੋਂ ਉਮੀਦ ਕੋਈ ਨਾ ਰੱਖੇ। ਮਾਂ-ਬਾਪ ਬਿਮਾਰ ਤਾਂ ਪੈ ਜਾਣ ਕੋਈ ਵੀ ਉਨ੍ਹਾਂ ਦੀ ਸੇਵਾ ਨਹੀਂ ਕਰਦਾ। ਕਈਆਂ ਨੂੰ ਤਾਂ ਬਿਰਧ ਆਸ਼ਰਮ ਵਿੱਚ ਹੀ ਦਿਨ ਕੱਟੀਆਂ ਕਰਨੀਆਂ ਪੈਂਦੀਆਂ ਹਨ। ਇਹ ਹਾਲ ਮੈਂ ਆਪਣੇ ਆਲੇ ਦੁਆਲੇ ਨਿੱਤ ਵੇਖਦੀ ਅਤੇ ਸੁਣਦੀ ਹਾਂ ਕਿ ਫਲਾਣੇ ਨੇ ਆਪਣੇ ਪਿਓ ਦਾ ਮੰਜਾ ਡੰਗਰਾਂ ਵਾਲੇ ਘਰ ਢਾਹ ਦਿੱਤਾ, ਫਲਾਣੇ ਨੇ ਆਪਣੀ ਮਾਂ ਨੂੰ ਘਰੋਂ ਕੱਢ ਦਿੱਤਾ। ਇੰਨਾ ਹੀ ਨਹੀਂ ਇੱਕ ਬਜ਼ੁਰਗ ਨੇ ਮੈਨੂੰ ਬਹੁਤ ਈ ਹੈਰਾਨ ਕੀਤਾ। ਉਹ ਬਜ਼ੁਰਗ ਬੀਮਾਰ ਸੀ ਚਾਰ ਪੁੱਤਰ ਹੋਣ ਦੇ ਬਾਵਜੂਦ ਉਸ ਦੇ ਗੰਦੇ ਕੱਪੜੇ ਅੱਖਾਂ ਤੋਂ ਦਿਖਾਈ ਨਾ ਦੇਵੇ, ਇਕੱਲਾ ਬਸ ਚੜ ਕੇ ਦਵਾਈ ਲੈਣ ਆਇਆ ਹੋਇਆ ਸੀ, 4-4 ਪੁੱਤਰ ਹੋਣ ਦੇ ਬਾਵਜੂਦ, ਬੁੱਢਾਪੇ ਵਿੱਚ ਕੋਈ ਵੀ ਉਸ ਦਾ ਸਹਾਰਾ ਨਾ ਬਣਿਆ। ਪਤਾ ਉਹ ਸਭ ਨੂੰ ਕੀ ਕਹਿ ਰਿਹਾ ਸੀ? ਉਹ  ਇੱਕੋ ਗੱਲ ਕਹਿੰਦਾ ਸੀ ਕਿ ਮੈਨੂੰ ਬਿਰਧ ਆਸ਼ਰਮ ਛੱਡ ਦਿਓ ਮੈਨੂੰ ਬਿਰਧ ਆਸ਼ਰਮ ਛੱਡ ਦਿਓ। ਲੱਖ ਲਾਹਨਤ ਉਨ੍ਹਾਂ 4 ਪੁੱਤਰਾਂ ਦੇ ਹੋਣ ‘ਤੇ ਜੇ ਉਹ ਇੱਕ ਪਿਓ ਨੂੰ ਨਹੀਂ ਸੰਭਾਲ ਸਕਦੇ। ਕਦੀ ਇਸ ਪਿਤਾ ਨੇ ਇਕੱਲੇ ਨੇ ਉਹਨਾਂ 4 ਪੁੱਤਰਾਂ ਨੂੰ ਪਾਲਿਆ, ਹਰ ਸੁੱਖ ਦਿੱਤਾ ਜਿਨ੍ਹਾਂ ਕੁ ਉਹ ਦੇ ਸਕਦਾ ਸੀ। ਪਰ ਜਦੋਂ ਬੁਢਾਪੇ ਅਇਆਂ ਤਾਂ ਪਿਉ ਰੁਲਦਾ-ਫਿਰਦਾ ਤਾਂ ਉਨ੍ਹਾਂ ਚਾਰਾਂ ਤੋਂ ਸੰਭਾਲਿਆ ਨਹੀਂ ਗਿਆ। ਇਸ ਤਰ੍ਹਾਂ ਦੇ ਪਤਾ ਨਹੀਂ ਕਿੰਨੇ ਕੁ ਮਾਂ-ਬਾਪ ਨੇ ਜਿਨ੍ਹਾਂ ਨੂੰ  ਉਹਨਾਂ ਦਾ ਕੋਈ ਵੀ ਪੁੱਤਰ ਆਪਣੇ ਨਾਲ ਨਹੀਂ ਰੱਖਦਾ। ਉਨ੍ਹਾਂ ਲਈ ਮਾਂ-ਪਿਓ ਬੋਝ ਨੇ। ਅੱਜ ਕਈਆਂ ਦਾ ਤਾਂ ਇੰਨਾ ਕੁ ਖ਼ੂਨ ਸਫ਼ੈਦ ਹੋ ਗਿਆ ਕਿ ਮਾਂ ਜਾਂ ਪਿਓ ਨੂੰ ਜੇ ਕੋਰੋਨਾ ਹੋ ਗਿਆ ਤਾਂ ਉਹ ਉਨ੍ਹਾਂ ਦੀ ਦੇਖ ਭਾਲ ਤੱਕ ਨਹੀਂ ਕਰਦੇ, ਇੱਥੋਂ ਤੱਕ ਕਿ ਉਨ੍ਹਾਂ ਦਾ ਸੰਸਕਾਰ ਕਰਨ ਤੱਕ ਨਹੀਂ ਜਾਂਦੇ। ਸੱਚੀ ਇਹ ਸਭ ਦੇਖ ਇੱਕ ਵਾਰ ਤਾਂ ਰੂਹ ਕੰਬ ਜਾਂਦੀ ਹੈ। ਇਹ ਉਹੀ ਮਾਤਾ-ਪਿਤਾ ਹਨ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਭਵਿੱਖ ਲਈ ਆਪਣੀ ਪੂਰੀ ਜਵਾਨੀ ਲਗਾ ਦਿੱਤੀ। ਇੱਕ ਪਲ ਵੀ ਆਰਾਮ ਨੀ ਕੀਤਾ। ਪਰ ਬੁਢਾਪੇ ਵੇਲੇ ਜਦੋਂ ਸਹਾਰੇ ਦੀ ਲੋੜ ਸੀ ਤਾਂ ਬਿਰਧ ਆਸ਼ਰਮ ਦਾ ਰਾਹ ਉਨ੍ਹਾਂ ਨੂੰ ਦਿਖਾ ਦਿੱਤਾ ਗਿਆ। ਓਏ ਮੂਰਖੋ! ਅਕਲ ਕਰੋ। ਜੇ ਅੱਜ ਤੁਸੀਂ ਇਹ ਕਰ ਰਹੇ ਹੋ, ਕੱਲ੍ਹ ਇਹੀ ਤੁਹਾਡੇ ਨਾਲ ਹੋਵੇਗਾ। ਤੁਹਾਡੇ ਬੱਚੇ ਤੁਹਾਡਾ ਇਹ ਵਿਵਹਾਰ ਦੇਖ ਰਹੇ ਹਨ। ਜੋ ਤੁਸੀਂ ਕਰਿਆ, ਕੱਲ੍ਹ ਜਦੋਂ ਉਹ ਵੱਡੇ ਹੋਣਗੇ ਤਾਂ ਉਹ ਵੀ ਇਹ ਸਭ ਕੁਝ ਤੁਹਾਡੇ ਨਾਲ ਕਰਨਗੇ, ਕਿਉਂਕਿ “ਜਿਹਾ ਕਰੋਗੇ ਤਿਹਾ ਭਰੋਗੇ” ਜਾਂ “ਜਿਹਾ ਬੀਜੋਗੇ ਤਿਹਾ ਵੱਢੋਗੇ।” ਅਜੇ ਵੀ ਵਕਤ ਹੈ, ਸਿਆਣੇ ਬਣੋ ਅਤੇ ਆਪਣੇ ਮਾਤਾ ਪਿਤਾ ਜੋ ਸਾਡੇ ਲਈ ਰੱਬ ਦਾ ਰੂਪ ਨੇ ਉਨ੍ਹਾਂ ਦੀ ਕਦਰ ਕਰੋ। ਬੇਸ਼ੱਕ ਗੁਰਦੁਆਰੇ ਨਾ ਜਾਓ ਮੰਦਰ ਵੀ ਨਾ ਜਾਓ, ਪਰ ਮਾਂ-ਬਾਪ ਦੀ ਸੇਵਾ ਜ਼ਰੂਰ ਕਰੋ। ਇਹੀ ਤੀਰਥ ਨੇ। ਮਾਂ ਜਿਹੜੀ ਆਪ ਦੁੱਖ ਸਹਿ ਲੈਂਦੀ ਹੈ ਪਰ ਆਪਣੇ ਬੱਚਿਆਂ ਨੂੰ ਆਂਚ ਨਹੀਂ ਆਉਣ ਦਿੰਦੀ। “ਪੁੱਤਰ ਕਪੁੱਤਰ ਹੋ ਸਕਦੇ ਨੇ ਪਰ ਮਾਪੇ ਕੁਮਾਪੇ ਨਹੀਂ ਹੁੰਦੇ।” ਪੁੱਤਰ ਭਾਵੇਂ ਮਾਤਾ-ਪਿਤਾ ਨੂੰ ਰੋਜ਼ ਕੁੱਟਣ -ਮਾਰਨ ਜਾਂ ਘਰੋਂ ਕੱਢ ਦੇਣ ਪਰ ਉਹ ਫਿਰ ਵੀ ਉਨ੍ਹਾਂ ਦੇ ਭਲੇ ਲਈ ਤੇ ਖ਼ੁਸ਼ੀ ਲਈ ਦੁਆਵਾਂ ਮੰਗਦੇ ਨੇ। ਸੋ ਉਹਨਾਂ ਨੂੰ ਸਰਵਣ ਪੁੱਤਰ ਦੀ ਜ਼ਰੂਰਤ ਹੈ ਜਿਹੜਾ ਉਹਨਾਂ ਦੀ ਸੇਵਾ ਕਰੇ ਤੇ ਬੁਢਾਪੇ ਦਾ ਸਹਾਰਾ ਬਣੇ। ਉਨ੍ਹਾਂ ਨੂੰ ਤੁਹਾਡੇ ਮਹਿੰਗੇ ਤੋਹਫ਼ਿਆਂ ਦੀ ਜ਼ਰੂਰਤ ਨਹੀਂ ਪਿਆਰ ਦੀ ਜ਼ਰੂਰਤ ਹੈ। ਮਦਰਜ਼ ਡੇ ਮਨਾਉਣ ਦਾ ਤਾਂ ਹੀ ਫਾਇਦਾ ਜੇ ਤੁਸੀਂ ਆਪਣੇ ਮਾਤਾ ਪਿਤਾ ਨੂੰ ਪਿਆਰ ਕਰਕੇ ਉਨ੍ਹਾਂ ਦੀ ਕਦਰ ਕਰਦੇ ਹੋ,  ਨਹੀਂ ਤਾਂ ਬਗਲੇ ਭਗਤ ਬਣਨ ਦੀ ਕੋਈ ਜ਼ਰੂਰਤ ਨਹੀਂ, ਕਿਉਂਕਿ  ਸਾਡੀ ਇਕ ਪਿਆਰ ਦੀ ਆਵਾਜ਼ ਨਾਲ ਮਮਤਾ ਦੀ ਇਹ ਮੂਰਤ ਸਾਡੀ ਮਾਂ, ਸਭ ਗਿਲੇ ਸ਼ਿਕਵੇ ਭੁਲਾ ਦਿੰਦੀ ਹੈ। ਮਾਂ-ਬਾਪ ਦਾ ਇਹ ਹੀ ਸੁਪਨਾ ਹੁੰਦਾ ਹੈ ਕੀ ਜਦ ਉਹ ਦੁਨੀਆ ਤੋਂ ਜਾਣ ਤਾਂ ਉਹਨਾਂ ਦੇ ਬੱਚੇ ਇਸ ਦੁਨੀਆ ‘ਤੇ ਖੁਸ਼ਹਾਲ ਤੇ ਜਿਉਂਦੇ-ਵੱਸਦੇ ਰਹਿਣ। ਉਹ ਪਰਿਵਾਰ ਦੇ ਹਰੇਕ ਮੈਂਬਰ ਨੂੰ ਖੁਸ਼ ਕਰਨ ਲਈ ਸਭ ਕੁਝ ਕਰਦੇ ਹਨ। ਇਸ ਦੇ ਬਦਲੇ ਵਿਚ, ਉਹ ਕੁਝ ਨਹੀਂ ਚਾਹੁੰਦੇ। ਇਕ ਤਰ੍ਹਾਂ ਨਾਲ, ਉਹ ਸਾਡੇ ਲਈ ਜਿਉਂਦੇ ਅਤੇ ਘਰ ਦਾ ਸਾਰਾ ਕੰਮ ਕਰਦੇ ਹਨ । ਖਾਸ ਕਰ ਮਾਂ,  ਬਿਨਾਂ ਕਿਸੇ ਲਾਲਚ ਦੇ ਬਿਨਾਂ ਅੱਕੇ ਥੱਕੇ ਘਰ ਦਾ ਸਾਰਾ ਕੰਮ ਪੂਰਾ ਸਾਲ ਕਰਦੀ ਰਹਿੰਦੀ ਹੈ ਉਸ ਨੂੰ ਨਾ ਤਨਖਾਹ ਚਾਹੀਦੀ ਹੈ ਤੇ ਨਾ ਛੁੱਟੀ। ਉਹ ਸਿਰਫ਼ ਤੇ ਸਿਰਫ਼ ਆਪਣੇ ਬੱਚਿਆਂ ਲਈ ਜਿਊਂਦੀ ਹੈ। ਮਾਂ ਇੱਕੋ ਇੱਕ ਦੁਨੀਆ ਦਾ ਅਜਿਹਾ ਪ੍ਰਾਣੀ ਹੈ, ਜਿਸ ਅੱਗੇ ਪ੍ਰਮਾਤਮਾ ਵੀ ਝੁਕਦਾ ਹੈ। ਮਾਂ ਇਕ ਅਜਿਹੀ ਛਾਂ ਹੈ, ਜੋ ਸਾਨੂੰ ਹਰ ਦੁੱਖ ਦੀ ਧੁੱਪ ਤੋਂ ਬਚਾਉਦੀ ਹੋਈ ਸਾਨੂੰ ਹਾਲਾਤਾਂ ਨਾਲ  ਲੜਨਾ  ਸਿਖਾਉਂਦੀ ਹੈ। ਮਾਂ ਲਈ ਦੋ ਲਾਈਨਾਂ :-

ਮਾਂ ਮਾਂ ਹੁੰਦੀ

ਕਿਸੇ ਲਈ ਅੰਮੀ ਕਿਸੇ ਲਈ ਬੇਬੇ ਅਤੇ ਕਿਸੇ ਲਈ ਜਾਨ ਹੁੰਦੀ ਏ।

ਕਿਸਮਤ ਵਾਲੇ ਨੂੰ ਮਿਲਦੀ ਮਾਂ,

ਹਰ ਇੱਕ ਦੀ ਕਿਸਮਤ ਨਾ ਬਲਵਾਨ ਹੁੰਦੀ ਏ।

ਮਾਂ ਈ ਚੰਡੀ, ਮਾਂ ਈ ਦੁਰਗਾ,

ਮਾਂ ਦਾ ਦਿਲ ਦਖਾਉਣਾ ਸਮਝ ਲੋ,

ਰੱਬ ਨੂੰ ਤਕਲੀਫ ਪਹੁੰਚਾਉਣਾ ਏ।

ਮਾਂ ਦਾ ਸਤਿਕਾਰ ਕਰੋ,

ਰੱਬ ਵਾਂਗ ਪਿਆਰ ਕਰੋ।

ਸੰਪਰਕ : 9872178404

Share This Article
Leave a Comment